ਸਿਲਹਟ (ਪੀਟੀਆਈ) : ਸ੍ਰੀਲੰਕਾ 'ਤੇ ਜਿੱਤ ਨਾਲ ਆਪਣੀ ਮੁਹਿੰਮ ਦੀ ਸਕਾਰਾਤਮਕ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਮਹਿਲਾ ਏਸ਼ੀਆ ਕੱਪ ਟੀ-20 ਦੇ ਆਪਣੇ ਦੂਜੇ ਮੈਚ ਵਿਚ ਸੋਮਵਾਰ ਨੂੰ ਕਮਜ਼ੋਰ ਮਲੇਸ਼ੀਆ ਖ਼ਿਲਾਫ਼ ਵੱਡੀ ਜਿੱਤ ਦਰਜ ਕਰਨ ਲਈ ਉਤਰੇਗੀ ਜਿਸ ਵਿਚ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀ ਨਜ਼ਰ ਟਿਕੀ ਰਹੇਗੀ। ਹਰਮਨਪ੍ਰਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਇਹ ਮੈਚ ਨੈੱਟ ਅਭਿਆਸ ਵਾਂਗ ਲੈਣਾ ਚਾਹੀਦਾ ਹੈ ਕਿਉਂਕਿ ਮਲੇਸ਼ੀਆ ਦੀ ਟੀਮ ਨੂੰ ਪਹਿਲੇ ਮੈਚ ਵਿਚ ਪਾਕਿਸਤਾਨ ਨੇ ਨੌਂ ਵਿਕਟਾਂ ਨਾਲ ਮਾਤ ਦਿੱਤੀ ਸੀ। ਜੇਮੀਮਾ ਰਾਡਰਿਗਜ਼ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਪਹਿਲੇ ਮੈਚ ਵਿਚ ਸ੍ਰੀਲੰਕਾ 'ਤੇ ਆਸਾਨ ਜਿੱਤ ਦਰਜ ਕੀਤੀ ਸੀ ਤੇ ਹੁਣ ਟੀਮ ਦੀ ਨਜ਼ਰ ਅਗਲੇ ਸਾਲ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਚ ਅਭਿਆਸ ਕਰਨ 'ਤੇ ਹੋਵੇਗੀ। ਪਿਛਲੇ ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੀ ਸ਼ੇਫਾਲੀ ਇਸ ਮੈਚ ਵਿਚ ਲੈਅ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਇਸ 18 ਸਾਲਾ ਖਿਡਾਰੀ ਨੇ ਪਿਛਲੇ ਸਾਲ ਮਾਰਚ ਤੋਂ ਟੀ-20 ਵਿਚ ਕੋਈ ਅਰਧ ਸੈਂਕੜਾ ਨਹੀਂ ਲਾਇਆ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਦੌਰਾਨ ਦੋ ਚੰਗੀਆਂ ਪਾਰੀਆਂ ਖੇਡੀਆਂ ਸਨ। ਇਸ ਤੋਂ ਬਾਅਦ ਇੰਗਲੈਂਡ ਦੌਰੇ ਵਿਚ ਉਨ੍ਹਾਂ ਦਾ ਬੱਲਾ ਨਹੀਂ ਚਲ ਸਕਿਆ ਸੀ ਤੇ ਉਹ ਚਾਰ ਪਾਰੀਆਂ ਵਿਚ ਦੋਹਰੇ ਅੰਕ ਤਕ ਵੀ ਨਹੀਂ ਪੁੱਜ ਸਕੀ ਸੀ। ਇਸ ਹਮਲਾਵਰ ਸਲਾਮੀ ਬੱਲੇਬਾਜ਼ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ ਤਿੰਨ ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਖੇਡ ਵਿਚ ਨਿਰੰਤਰਤਾ ਦੀ ਥੁੜ੍ਹ ਹੈ। ਉਨ੍ਹਾਂ ਦਾ ਫੁਟਵਰਕ ਚੰਗਾ ਨਹੀਂ ਹੈ ਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਦੀ ਇਸ ਕਮਜ਼ੋਰੀ ਦਾ ਪੂਰਾ ਫ਼ਾਇਦਾ ਉਠਾਇਆ ਸੀ। ਮਲੇਸ਼ੀਆ ਦੀ ਗੇਂਦਬਾਜ਼ੀ ਕਮਜ਼ੋਰ ਹੈ ਤੇ ਸ਼ੇਫਾਲੀ ਆਪਣਾ ਗੁਆਚਿਆ ਆਤਮਵਿਸ਼ਵਾਸ ਹਾਸਲ ਕਰਨ ਲਈ ਇਸ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਰਾਡਰਿਗਜ਼ ਨੇ ਪਿਛਲੇ ਮੈਚ ਵਿਚ ਆਪਣੇ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਤੇ ਉਹ ਆਪਣੀ ਇਸ ਲੈਅ ਨੂੰ ਕਾਇਮ ਰੱਖਣਾ ਚਾਹੇਗੀ ਜਦਕਿ ਹਰਮਨਪ੍ਰਰੀਤ ਕੌਰ ਵੀ ਚੰਗੀ ਲੈਅ ਵਿਚ ਦਿਖਾਈ ਦੇ ਰਹੀ ਹੈ। ਪਿਛਲੇ ਮੈਚ ਵਿਚ ਨਾਕਾਮ ਰਹੀ ਸਮਿ੍ਤੀ ਮੰਧਾਨਾ ਵੀ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰੇਗੀ। ਭਾਰਤ ਲਈ ਇਹ ਟੂਰਨਾਮੈਂਟ ਤਜਰਬੇ ਕਰਨ ਲਈ ਚੰਗਾ ਮੰਚ ਹੈ ਤੇ ਸੋਮਵਾਰ ਨੂੰ ਹੋਣ ਵਾਲੇ ਮੈਚ ਵਿਚ ਕਿਰਨ ਨਵਗੀਰੇ ਵਰਗੀਆਂ ਨਵੀਆਂ ਖਿਡਾਰਨਾਂ ਨੂੰ ਆਖ਼ਰੀ ਇਲੈਵਨ ਵਿਚ ਥਾਂ ਮਿਲ ਸਕਦੀ ਹੈ। ਚੰਗੇ ਗੇਂਦਬਾਜ਼ਾਂ ਦੀ ਚੋਣ ਕਰਨਾ ਵੀ ਭਾਰਤੀ ਟੀਮ ਦਾ ਟੀਚਾ ਹੋਵੇਗਾ।