ਨਵੀਂ ਦਿੱਲੀ : ਗੁੱਟ ਦੇ ਗੇਂਦਬਾਜ਼ ਕੁਲਦੀਪ ਯਾਦਵ (18 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਬਿਹਤਰੀਨ ਫਿਰਕੀ ਨਾਲ ਭਾਰਤੀ ਟੀਮ ਨੇ ਮੰਗਲਵਾਰ ਨੂੰ ਇੱਥੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਤੀਜੇ ਤੇ ਆਖ਼ਰੀ ਵਨ ਡੇ ਮੈਚ ਵਿਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਰੈਗੂਲਰ ਕਪਤਾਨ ਰੋਹਿਤ ਸ਼ਰਮਾ ਤੇ ਸਟਾਰ ਖਿਡਾਰੀਆਂ ਤੋਂ ਬਿਨਾਂ ਇਸ ਸੀਰੀਜ਼ ਵਿਚ ਖੇਡਣ ਉਤਰੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਵਨ ਡੇ ਫਾਰਮੈਟ ਵਿਚ ਵੀ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਇਸ ਮੈਚ ਵਿਚ ਭਾਰਤ ਲਈ ਸਪਿੰਨਰਾਂ ਨੇ ਜਿੱਤ ਦੀ ਨੀਂਹ ਰੱਖੀ ਤੇ ਕੁਲਦੀਪ ਦੀ ਅਗਵਾਈ ਵਿਚ ਭਾਰਤੀ ਸਪਿੰਨਰਾਂ ਨੇ ਕੁੱਲ ਅੱਠ ਵਿਕਟਾਂ ਆਪਣੇ ਨਾਂ ਕੀਤੀਆਂ ਜਿਸ ਨਾਲ ਦੱਖਣੀ ਅਫਰੀਕਾ ਦੀ ਪਾਰੀ ਸਿਰਫ਼ 27.1 ਓਵਰਾਂ ਵਿਚ 99 ਦੌੜਾਂ 'ਤੇ ਸਿਮਟ ਗਈ। ਮਹਿਮਾਨ ਟੀਮ ਵੱਲੋਂ ਹੈਨਰਿਕ ਕਲਾਸੇਨ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ। ਘੱਟ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀਆਂ 57 ਗੇਂਦਾਂ 'ਤੇ ਅੱਠ ਚੌਕਿਆਂ ਦੀ ਮਦਦ ਨਾਲ 49 ਦੌੜਾਂ ਦੀ ਬਦੌਲਤ 19.1 ਓਵਰਾਂ ਵਿਚ ਤਿੰਨ ਵਿਕਟਾਂ 'ਤੇ 105 ਦੌੜਾਂ ਬਣਾ ਕੇ ਮੈਚ ਤੇ ਸੀਰੀਜ਼ ਆਪਣੇ ਨਾਂ ਕੀਤੀ। ਭਾਰਤ ਨੇ ਇਸ ਨਾਲ ਹੀ ਇਸ ਸਾਲ ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਵਿਚ ਵਨ ਡੇ ਸੀਰੀਜ਼ ਵਿਚ 0-3 ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।ਦਿੱਲੀ ਵਿਚ ਪਿਛਲੇ ਦੋ ਦਿਨ ਤੋਂ ਬਾਰਿਸ਼ ਹੋ ਰਹੀ ਸੀ। ਬਾਰਿਸ਼ ਕਾਰਨ ਮੈਦਾਨ ਗਿੱਲਾ ਹੋਣ ਕਾਰਨ ਮੈਚ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਉਨ੍ਹਾਂ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਨ ਵਿਚ ਗੇਂਦਬਾਜ਼ਾਂ ਨੇ ਕੋਈ ਕਸਰ ਨਹੀਂ ਛੱਡੀ। ਦੱਖਣੀ ਅਫਰੀਕਾ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਟੀਮ ਨੇ 10 ਓਵਰਾਂ ਵਿਚ 26 ਦੌੜਾਂ ਤਕ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਤੇ ਟੀਮ ਇਸ ਤੋਂ ਬਾਅਦ ਸੰਭਲ ਨਹੀਂ ਸਕੀ। ਲਗਾਤਾਰ ਦੋ ਦਿਨ ਦੀ ਬਾਰਿਸ਼ ਤੋਂ ਬਾਅਦ ਪਿੱਚ ਤੋਂ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ। ਭਾਰਤ ਨੇ ਗੇਂਦਬਾਜ਼ੀ ਦਾ ਆਗਾਜ਼ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਤੋਂ ਕਰਵਾਇਆ। ਉਨ੍ਹਾਂ ਨੇ ਆਪਣੇ ਦੂਜੇ ਤੇ ਪਾਰੀ ਦੇ ਤੀਜੇ ਓਵਰ ਵਿਚ ਹੀ ਕਵਿੰਟਨ ਡਿਕਾਕ (06) ਨੂੰ ਆਵੇਸ਼ ਖ਼ਾਨ ਦੇ ਹੱਥੋਂ ਕੈਚ ਕਰਵਾ ਕੇ ਮਹਿਮਾਨ ਟੀਮ ਨੂੰ ਪਹਿਲਾ ਝਟਕਾ ਦਿੱਤਾ। ਦੱਖਣੀ ਅਫਰੀਕਾ ਦੀ ਸਥਿਤੀ ਅਜਿਹੀ ਸੀ ਕਿ ਉਸ ਦੇ ਅੱਧੇ ਬੱਲੇਬਾਜ਼ ਸਿਰਫ਼ 66 ਦੌੜਾਂ 'ਤੇ ਹੀ ਪਵੇਲੀਅਨ ਮੁੜ ਗਏ। ਕਲਾਸੇਨ ਤੋਂ ਇਲਾਵਾ ਜਾਨੇਮਨ ਮਲਾਨ (15) ਤੇ ਮਾਰਕੋ ਜੇਨਸੇਨ (14) ਹੀ ਦਹਾਈ ਅੰਕ ਤਕ ਪੁੱਜ ਸਕੇ। ਕੁਲਦੀਪ ਦੀ ਫਿਰਕੀ ਦਾ ਜਾਦੂ ਦਿੱਲੀ ਦੇ ਮੈਦਾਨ 'ਤੇ ਚੱਲਿਆ। ਕੁਲਦੀਪ ਨੇ ਏਂਦਿਲ ਫੇਲੁਕਵਾਇਓ (05) ਨੂੰ ਬੋਲਡ ਕਰਨ ਤੋਂ ਬਾਅਦ ਬਜੋਰਨ ਫੋਰਚੂਨ (01) ਤੇ ਐਨਰਿਕ ਨਾਰਤਜੇ (00) ਨੂੰ ਲਗਾਤਾਰ ਗੇਂਦਾਂ 'ਤੇ ਪਵੇਲੀਅਨ ਭੇਜਿਆ। ਉਨ੍ਹਾਂ ਨੇ ਜੇਨਸੇਨ ਨੂੰ ਡੀਪ ਸਕੁਆਇਰ ਲੈੱਗ ਵਿਚ ਆਵੇਸ਼ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਦੀ ਪਾਰੀ ਦਾ ਅੰਤ ਕੀਤਾ। ਭਾਰਤ ਨੂੰ ਗਿੱਲ ਤੇ ਧਵਨ ਨੇ ਪਹਿਲੀ ਵਿਕਟ ਲਈ 6.1 ਓਵਰਾਂ ਵਿਚ 42 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿਵਾਈ। ਗਿੱਲ ਸ਼ੁਰੂਆਤ ਤੋਂ ਹੀ ਲੈਅ ਵਿਚ ਦਿਖੇ। ਉਨ੍ਹਾਂ ਨੇ ਮਾਰਕੋ ਜੇਨਸੇਨ ਦੇ ਪਹਿਲੇ ਓਵਰ ਵਿਚ ਚੌਕੇ ਦੇ ਨਾਲ ਖ਼ਾਤਾ ਖੋਲਿ੍ਹਆ ਤੇ ਫਿਰ ਇਸ ਤੇਜ਼ ਗੇਂਦਬਾਜ਼ 'ਤੇ ਤਿੰਨ ਹੋਰ ਚੌਕੇ ਲਾਏ। ਧਵਨ ਨੇ ਨਗਿਦੀ 'ਤੇ ਚੌਕਾ ਲਾਇਆ ਪਰ ਉਹ ਗਿੱਲ ਦੇ ਨਾਲ ਗ਼ਲਤਫਹਿਮੀ ਦਾ ਸ਼ਿਕਾਰ ਹੋ ਕੇ ਰਨ ਆਊਟ ਹੋ ਗਏ। ਇਸ਼ਾਨ ਨੇ ਫੋਰਚੂਨ ਨੂੰ ਇਕ ਹੋਰ ਚੌਕਾ ਮਾਰਿਆ ਪਰ ਅਗਲੀ ਗੇਂਦ 'ਤੇ ਡਿਕਾਕ ਨੂੰ ਕੈਚ ਦੇ ਬੈਠੇ। ਭਾਰਤ ਜਦ ਟੀਚੇ ਤੋਂ ਸਿਰਫ਼ ਤਿੰਨ ਦੌੜਾਂ ਦੂਰ ਸੀ ਤਦ ਗਿੱਲ ਨਗਿਦੀ ਦੀ ਗੇਂਦ 'ਤੇ ਲੱਤ ਅੜਿੱਕਾ ਆਊਟ ਹੋ ਗਏ ਤੇ ਅਰਧ ਸੈਂਕੜੇ ਤੋਂ ਖੁੰਝ ਗਏ। ਸ਼੍ਰੇਅਸ ਅਈਅਰ ਨੇ 20ਵੇਂ ਓਵਰ ਦੀ ਪਹਿਲੀ ਗੇਂਦ 'ਤੇ ਜੇਸਨ 'ਤੇ ਛੱਕੇ ਦੇ ਨਾਲ ਭਾਰਤ ਨੂੰ ਜਿੱਤ ਦਿਵਾਈ।