ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲੇ 18 ਤੋਂ 20 ਸਤੰਬਰ ਤੱਕ ਕਰਵਾਏ ਜਾਣੇ ਹਨ
ਲੁਧਿਆਣਾ (ਚੋਪੜਾ) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ - 2022' ਤਹਿਤ ਜ਼ਿਲ੍ਹਾ ਪੱਧਰੀ ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਦਾ ਲੁਧਿਆਣਾ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲੇ 18 ਤੋਂ 20 ਸਤੰਬਰ ਤੱਕ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ 'ਖੇਡਾਂ ਵਤਨ ਪੰਜਾਬ ਦੀਆਂ - 2022' ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ, ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ। ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਇਹ ਮਹਾਂਕੁੰਭ ਉਲੀਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 12 ਤੋਂ 22 ਸਤੰਬਰ ਤੱਕ ਕਰਵਾਏ ਜਾਣੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ, 10 ਅਕਤੂਬਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਉਣਗੇ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਹੈਂਡਬਾਲ (ਲੜਕੇ) ਦੇ ਮੁਕਾਬਲਿਆਂ ਵਿੱਚ ਬੀ.ਵੀ.ਐਮ. ਸਕੂਲ ਨੇ ਰਾਮਗੜ੍ਹੀਆ ਕੋ-ਐਜੂਕੇਸ਼ਨ ਸਕੂਲ ਨੂੰ 12-0 ਨਾਲ ਕਰਾਰੀ ਹਾਰ ਦਿੱਤੀ ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਬੀ.ਵੀ.ਐਮ. ਸਕੂਲ, ਕਿਚਲੂ ਨਗਰ ਦੀ ਟੀਮ ਨੇ ਆਈ.ਪੀ.ਐਸ. ਦੀ ਟੀਮ ਨੂੰ 7-0 ਦੇ ਫਰਕ ਨਾਲ ਹਰਾਇਆ। ਹਾਕੀ (ਲੜਕੇ) 'ਚ ਪਿੰਡ ਅਕਾਲਗੜ੍ਹ ਦੀ ਟੀਮ ਨੇ ਡੀ.ਏ.ਵੀ. ਪਖੋਵਾਲ ਦੀ ਟੀਮ ਨੂੰ 4-0 ਨਾਲ ਹਰਾਇਆ ਜਦਕਿ ਲੜਕੀਆਂ 'ਚ ਹਾਕੀ ਅਕੈਡਮੀ ਦੀ ਟੀਮ ਜੇਤੂ ਰਹੀ। ਬਾਸਕਟਬਾਲ 'ਚ ਲੜਕੀਆਂ ਦੀ ਟੀਮ 'ਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਗੁਰੂ ਨਾਨਕ ਪਬਲਿਕ ਸੀ.ਸੈ. ਸਕੂਲ ਬੁੱਢੇਵਾਲ ਦੀ ਟੀਮ ਨੂੰ 06-02 ਦੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਤੈਰਾਕੀ, 50 ਬਟਰਫਲਾਈ ਸਟ੍ਰੋਕ (ਲੜਕੇ) 'ਚ ਇਸ਼ਾਨ ਪਵਾਰ ਅਤੇ ਲੜਕੀਆਂ 'ਚ ਕ੍ਰਿਤੀ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ। 50 ਬਰੈਸਟ ਸਟ੍ਰੋਕ (ਲੜਕੇ) 'ਚ ਇਸ਼ਾਨ ਬਹਿਲ, 100 ਮੀਟਰ ਬੈਕ ਸਟ੍ਰੋਕ 'ਚ ਸਰਗੁਣਜੋਤ ਸਿੰਘ, 200 ਮੀਟਰ ਬ੍ਰੈਸਟ ਸਟ੍ਰੋਕ 'ਚ ਇਸ਼ਾਨ ਬਹਿਲ, 200 ਮੀਟਰ ਫਰੀ ਸਟਾਈਲ 'ਚ ਵਿਕਰਮਾਦਿੱਤਿਆ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਐਥਲੈਟਿਕਸ, ਈਵੈਂਟ-100 ਮੀਟਰ (ਲੜਕੇ) ਗੁਰਕਮਲ ਸਿੰਘ ਰਾਏ, ਲੜਕੀਆਂ ਕਾਵਿਆ ਸੂਦ, 400 ਮੀਟਰ (ਲੜਕੇ) 'ਚ ਇੰਦਰਪ੍ਰੀਤ ਸਿੰਘ, ਲੜਕੀਆਂ 'ਚ ਈਸ਼ਾ ਸਹੋਤਾ, 1500 ਮੀਟਰ (ਲੜਕੇ) 'ਚ ਆਰਿਸ਼, ਲੜਕੀਆਂ 'ਚ ਪਵਨਪ੍ਰੀਤ ਮੋਰਿਆ ਨੇ ਬਾਜੀ ਮਾਰੀ। ਈਵੈਂਟ ਡਿਸਕਸ ਥ੍ਰੋਅ 'ਚ ਕ੍ਰਮਵਾਰ ਜਗਸੀਰ ਸਿੰਘ ਅਤੇ ਮੁਸਕਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।