ਰਾਏਕੋਟ, 28 ਦਸੰਬਰ (ਚਮਕੌਰ ਸਿੰਘ ਦਿਓਲ) : ਯੰਗ ਸਪੋਰਟਸ ਕਲੱਬ ਵਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕਰਵਾਏ ਜਾ ਰਹੇ 19ਵੇਂ ਸਲਾਨਾ ਖੇਡ ਮੇਲੇ ਦੇ ਦੂਜੇ ਦਿਨ ਅੱਜ ਕਬੱਡੀ 75 ਕਿੱਲੋ ਦੇ ਰੋਚਕ ਮੁਕਾਬਲੇ ਦੇਖਣ ਨੂੰ ਮਿਲੇ। ਕੋਟਲਾ, ਲੌਂਗੋਵਾਲ, ਰਾਮਪੁਰਾ ਅਤੇ ਝਾੜੋਂ ਪਿੰਡ ਦੀਆਂ ਟੀਮਾਂ ਨੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਕਬੱਡੀ 65 ਕਿੱਲੋ ਦੇ ਫਾਈਨਲ ਮੁਕਾਬਲੇ ’ਚ ਪਿੰਡ ਭੂੰਦੜ ਦੀ ਟੀਮ ਨੇ ਮੇਜ਼ਬਾਨ ਰਾਏਕੋਟ ਨੂੰ ਹਰਾ ਕੇ ਪਹਿਲੇ ਇਨਾਮ ਅਤੇ ਕੱਪ ’ਤੇ ਆਪਣਾ ਕਬਜ਼ਾ ਜਮਾਇਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ’ਚ ਬਲਜੀਤ ਸਿੰਘ ਲਾਡੂ ਬਾਬਾ, ਸ਼ੁਗਲ ਸਿੰਘ ਸਿੱਧੂ, ਜਗਤਾਰ ਸਿੰਘ ਸੰਤ, ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਰਾਏ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਕੀਤੀ ਗਈ। ਪ੍ਰਧਾਨ ਬੂਟਾ ਸਿੰਘ ਛਾਪਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਤੀਜੇ ਅਤੇ ਆਖ਼ਰੀ ਦਿਨ ਕਬੱਡੀ 75 ਅਤੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੇ ਮੁਕਾਬਲੇ ’ਚ ਕਬੱਡੀ ਦੇ ਚੋਟੀ ਦੇ ਖਿਡਾਰੀ ਆਪਣੇ ਜ਼ਲਵੇ ਦਿਖਾਉਣਗੇ। ਕਬੱਡੀ ਓਪਨ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪਜੇਤੂ ਟੀਮ ਨੂੰ 51 ਹਜ਼ਾਰ ਦਾ ਨਗਦ ਇਨਾਮ ਅਤੇ ਟਰਾਫੀ ਦੇ ਕੇ ਨਵਾਜਿਆ ਜਾਵੇਗਾ। ਕਬੱਡੀ ਓਪਨ ਦੇ ਸਰਬੋਤਮ ਜਾਫ਼ੀ ਅਤੇ ਰੇਡਰ ਨੂੰ 51-51 ਹਜ਼ਾਰ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਸਿੱਧੂ ਜੌਹਲਾ, ਬਲਵਿੰਦਰ ਸਿੰਘ ਯੂ.ਕੇ, ਪ੍ਰਧਾਨ ਗੁਰਜੀਤ ਸਿੰਘ ਰਿੰਟਾ, ਯਸ਼ਪਾਲ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ ਧਾਲੀਵਾਲ ਬੱਸੀਆਂ, ਭੁਪਿੰਦਰ ਸਿੰਘ ਭਿੰਦਾ, ਗੁਰਜੀਤ ਸਿੰਘ ਗਿੱਲ, ਅਨੀਤ ਭੱਲਾ, ਨਿੱਕਾ ਗਰੇਵਾਲ, ਕੁਮੈਂਟੇਟਰ ਸਤਪਾਲ ਸਿੰਘ ਹੇਰਾਂ, ਕੁਮੈਂਟੇਟੇਰ ਰਵਿੰਦਰ ਸਿੰਘ ਦੱਧਾਹੂਰ, ਡਾ. ਸ਼ਰਮਾਂ ਕਬੱਡੀ ਕੋਚ, ਹਾਕੀ ਕੋਚ ਜੋਗਿੰਦਰ ਸਿੰਘ, ਬੌਬਾ ਗੋਇਲ, ਡਾ. ਬਲਵਿੰਦਰ ਸ਼ਰਮਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।