ਆਸਟਰੇਲੀਆ : ਚੌਥੇ ਹਾਕੀ ਟੈਸਟ ਵਿੱਚ ਭਾਰਤ ਨੂੰ 5-1 ਨਾਲ ਹਰਾ ਕੇ, ਆਸਟਰੇਲੀਆ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਅਜੇਤੂ ਹੋ ਨਿੱਤਰਿਆ ਹੈ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ, ਜਦਕਿ 25ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਚੜ੍ਹਤ ਦਿਵਾਈ। ਭਾਰਤੀ ਡਿਫੈਂਸ ਨੇ ਪਹਿਲੇ ਕੁਆਰਟਰ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਅਦ 'ਚ ਉਹ ਆਪਣੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ। ਦੂਜੇ ਕੁਆਰਟਰ ਦੇ ਆਖਰੀ ਪਲਾਂ 'ਚ, ਭਾਰਤੀ ਡਿਫੈਂਸ ਢਹਿ-ਢੇਰੀ ਹੋਇਆ ਦਿਖਾਈ ਦਿੱਤਾ, ਅਤੇ ਜੇਰੇਮੀ ਹੇਵਰਡ (29ਵੇਂ) ਅਤੇ ਜੇਕ ਵ੍ਹੀਟਨ (30ਵੇਂ) ਨੇ 50 ਸਕਿੰਟਾਂ ਦੇ ਅੰਤਰ ਨਾਲ ਦੋ ਵਾਰ ਗੋਲ ਕਰਕੇ ਆਸਟਰੇਲੀਆ ਨੂੰ ਬ੍ਰੇਕ ਤੋਂ ਪਹਿਲਾਂ ਅੱਗੇ ਲਿਆਂਦਾ। ਤੀਜੇ ਕੁਆਰਟਰ 'ਚ ਆਸਟ੍ਰੇਲੀਆ ਪੂਰੀ ਤਰ੍ਹਾਂ ਹਾਵੀ ਰਿਹਾ। ਟੌਮ ਵਿੱਕਹਮ ਨੇ ਆਪਣੀ ਲੀਡ ਵਧਾਈ ਜਦ ਕਿ ਹੇਵਰਡ ਨੇ 41ਵੇਂ ਮਿੰਟ ਵਿੱਚ ਆਪਣੀ ਟੀਮ ਲਈ ਦੂਜਾ ਅਤੇ ਫ਼ਿਰ ਚੌਥਾ ਗੋਲ ਕੀਤਾ। ਮੈਟ ਡਾਸਨ ਨੇ 54ਵੇਂ ਮਿੰਟ ਵਿੱਚ ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਨੂੰ ਉਲਝਾ ਕੇ ਆਸਟਰੇਲੀਆ ਲਈ ਪੰਜਵਾਂ ਗੋਲ ਕੀਤਾ। ਭਾਰਤ ਨੇ ਬੁੱਧਵਾਰ ਨੂੰ ਤੀਜੇ ਟੈਸਟ 'ਚ ਆਸਟ੍ਰੇਲੀਆ ਨੂੰ 4-3 ਨਾਲ ਹਰਾ ਕੇ ਆਖਰੀ ਪਲਾਂ 'ਚ ਗੋਲ ਕਰਕੇ ਸੀਰੀਜ਼ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਸੀ। ਭਾਰਤੀ ਟੀਮ ਪਹਿਲੇ ਟੈਸਟ ਮੈਚ ਵਿੱਚ 4-5 ਨਾਲ ਹਾਰ ਗਈ ਸੀ, ਜਦਕਿ ਤੀਜੇ ਟੈਸਟ ਵਿੱਚ ਬਲੈਕ ਗੋਵਰਜ਼ ਦੀ ਹੈਟ੍ਰਿਕ ਕਾਰਨ ਉਸ ਨੂੰ 4-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੋਵਾਂ ਟੀਮਾਂ ਵਿਚਾਲੇ ਪੰਜਵਾਂ ਅਤੇ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।