ਰਾਜ ਪੱਧਰੀ ਸਮਾਗਮ ਦੀ ਸੁਰੱਖਿਆ ਤਿਆਰੀਆਂ ਨੂੰ ਲੈ ਕੇ ਐਸ ਐਸ ਪੀ ਵੱਲੋਂ ਦੌਰਾ

ਬੰਗਾ : ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਸੁਰੱਖਿਆ ਬੰਦੋਬਸਤਾਂ ਨਾਲ ਸਬੰਧਤ ਤਿਆਰੀਆਂ ਨੂੰ ਲੈ ਅੱਜ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਡੀ ਐਸ ਪੀ ਸ਼ਹਿਬਾਜ਼ ਸਿੰਘ, ਡੀ ਐਸ ਪੀ ਬੰਗਾ ਐਸ ਐਸ ਬੱਲ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ ਅਤੇ ਯਾਦਗਾਰ ਦੇ ਅਗਲੇ ਪਾਸੇ ਅਤੇ ਬੈਕਸਾਈਡ ਜਨਤਕ ਸਮਾਗਮ ਵਾਲੇ ਪਾਸੇ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਆਉਣ ਵਾਲੇ ਲੋਕਾਂ ਅਤੇ ਅਹਿਮ ਸਖਸ਼ੀਅਤਾਂ ਦੀ ਨਿਰਵਿਘਨ ਆਮਦ ਨੂੰ ਯਕੀਨੀ ਬਣਾਉਣ, ਟ੍ਰੈਫ਼ਿਕ ਬੰਦੋਬਸਤ ਦੇ ਇੰਤਜ਼ਾਮ ਕਰਨ ਅਤੇ ਪਾਰਕਿੰਗ ਦੇ ਪ੍ਰਬੰਧ ਕਰਨ ਬਾਰੇ ਨਾਲ ਮੌਜੂਦ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਐਸ ਐਸ ਪੀ ਮੀਣਾ ਨੇ ਮਿਊਜ਼ੀਅਮ ਦੇ ਅਗਲੇ ਭਾਗ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੁੱਜਣ ਵਾਲੀਆਂ ਅਹਿਮ ਸਖਸ਼ੀਅਤਾਂ ਦੇ ਸੁਰੱਖਿਆ ਬੰਦੋਬਸਤਾਂ ਨੂੰ ਲੈ ਕੇ ਜ਼ਰੂਰੀ ਆਦੇਸ਼ ਦੇਣ ਤੋਂ ਇਲਾਵਾ ਜਨਤਕ ਸਮਾਗਮ ਵਾਲੇ ਪਾਸੇ ਲੱਗ ਰਹੇ ਪੰਡਾਲ ’ਚ ਦਾਖਲੇ ਸਬੰਧੀ ਵੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਰਿਵਾਰ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਨਮ ਦਿਹਾੜੇ ਵਾਲੇ ਦਿਨ ਵੱਡੀ ਗਿਣਤੀ ’ਚ ਲੋਕਾਂ ਅਤੇ ਅਹਿਮ ਸਖਸ਼ੀਅਤਾਂ ਦੀ ਆਮਦ ਨੂੰ ਦੇਖਦਿਆਂ, ਜ਼ਿਲ੍ਹਾ ਪੁਲਿਸ ਵੱਲੋਂ ਢੁਕਵੇਂ ਸੁਰੱਖਿਆ ਅਤੇ ਟ੍ਰੈਫ਼ਿਕ ਪ੍ਰਬੰਧ ਕੀਤੇ ਜਾ ਰਹੇ ਹਨ।