ਜਲੰਧਰ ‘ਚ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਦਰੜਿਆ, ਦੋਵਾਂ ਦੀ ਮੌਤ

ਜਲੰਧਰ, 12 ਜੂਨ : ਜਲੰਧਰ ‘ਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ। ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ। ਇਹ ਹਾਦਸਾ ਨਕੋਦਰ ਰੋਡ ਉਤੇ ਖਾਲਸਾ ਸਕੂਲ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ (42) ਤੇ ਕਰਮਣ ਸਿੰਘ (16) ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ। ਭਾਰਗਵ ਕੈਂਪ ਥਾਣਾ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਜਸਵੀਰ ਸਿੰਘ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੇਟੀ ਦਾ ਵਿਆਹ ਹੈ। ਇਸ ਲਈ ਸਬਜ਼ੀ ਲੈਣ ਲਈ ਮਕਸੂਦਾਂ ਮੰਡੀ ਜਾ ਰਹੇ ਸੀ। ਮੈਂ ਬਾਈਕ ‘ਤੇ ਥੋੜ੍ਹਾ ਅੱਗੇ ਸੀ। ਦੂਜੀ ਬਾਈਕ ‘ਤੇ ਜਸਵੀਰ ਤੇ ਕਰਮਨ ਆ ਰਹੇ ਸੀ। ਕੁਝ ਦੂਰ ਜਾ ਕੇ ਜਦੋਂ ਜਸਵੀਰ ਨਾ ਪਹੁੰਚਿਆ ਤਾਂ ਉਸ ਨੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਹ ਆਪਣੀ ਬਾਈਕ ‘ਤੇ ਵਾਪਸ ਆਇਆ, ਜਦੋਂ ਖਾਲਸਾ ਸਕੂਲ ਡੰਪ ਨੇੜੇ ਪੁੱਜਾ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ। ਮੌਕਾ ਮਿਲਦੇ ਹੀ ਡਰਾਈਵਰ ਟਿੱਪਰ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪਿੱਛਾ ਕਰਕੇ ਡਰਾਈਵਰ ਨੂੰ ਕਰੀਬ ਇੱਕ ਕਿਲੋਮੀਟਰ ਦੂਰ ਫੜ ਲਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਲਾਸ਼ਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਪਿਓ-ਪੁੱਤ ਦੀਆਂ ਲਾਸ਼ਾਂ ਦੇ ਕੁਝ ਹਿੱਸੇ ਸੜਕ ‘ਤੇ ਦੂਰ ਤੱਕ ਪਏ ਸਨ।