ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਸੁਖਦੇਵ ਸਿੰਘ ਢੀਂਡਸਾ ਨੂੰ ਬਰਖਾਸਤ ਕੀਤਾ

  • ਅਨੁਸ਼ਾਸ਼ਨ ਕਮੇਟੀ ਦਾ ਕਹਿਣਾ ਹੈ ਕਿ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਵੰਡਣ ਦੀ ਸਾਜਿਸ਼ ’ਚ ਸ਼ਾਮਲ ਸੀ
  • ਕਿਹਾ ਕਿ ਅਨੁਸਾਸ਼ਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ
  • ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਬਰਖਾਸਤ ਆਗੂ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਲਈ ਆਜ਼ਾਦ ਹਨ ਅਤੇ ਜ਼ੋਰ ਦੇ ਕੇ ਕਿਹਾ ਕਿ ਵਰਕਿੰਗ ਕਮੇਟੀ ਦੇ 98 ਫੀਸਦੀ ਮੈਂਬਰਾਂ ਨੇ ਸ. ਬਾਦਲ ਦੀ ਅਗਵਾਈ ਹੇਠ ਵਿਸ਼ਵਾਸ਼ ਜਤਾਇਆ ਹੈ

ਚੰਡੀਗੜ੍ਹ, 1 ਅਗਸਤ 2024 : ਸ਼੍ਰੋਮਣੀ ਅਕਾਲੀ ਦੀ ਅਨੁਸਾਸ਼ਨ ਕਮੇਟੀ ਨੇ ਅੱਜ ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਬਰਖਾਸਤ ਆਗੂਆਂ ਦੀ ਅਗਵਾਈ ਕਰਨ ਸਮੇਤ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਲਿਪਤ ਹੋਣ ਦੇ ਦੋਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਸੰਬੰਧੀ ਫੈਸਲਾ ਪਾਰਟੀ ਦੀ ਤਿੰਨ ਮੈਂਬਰੀ ਅਨੁਸ਼ਾਸ਼ਨ ਕਮੇਟੀ ਵਲੋਂ ਸਰਬਸੰਮਤੀ ਨਾਲ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਅਤੇ ਇਸ ਦੇ ਹੋਰ ਦੋ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਗੁਲਜਾਰ ਸਿੰਘ ਰਣੀਕੇ ਵੀ ਸ਼ਾਮਲ ਸੀ। ਇਸ ਫੈਸਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਮੇਟੀ ਦਾ ਮੰਨਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਆਪਣੇ ਅਹੁਦੇ ਦੀ ਗਰਿਮਾ ਬਰਕਾਰ ਨਹੀਂ ਰੱਖ ਰਹੇ ਸੀ। ਉਹ ਨਾ ਸਿਰਫ ਅਣਅਧਿਕਾਰਤ ਬਿਆਨ ਜਾਰੀ ਕਰ ਰਹੇ ਸੀ ਬਲਕਿ ਪਾਰਟੀ ਦੇ ਸੰਵਿਧਾਨ ਅਤੇ ਇਸ ਦੀ ਗੌਰਵਸ਼ਾਲੀ ਪਰੰਪਰਾਵਾਂ ਦੇ ਵਿਰੁੱਧ ਵੀ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਕਮੇਟੀ ਨੇ ਢੀਂਡਸਾ ਵਲੋਂ ਹਾਲ ਹੀ ਦੇ ਦਿਨਾਂ ਵਿਚ ਜਾਰੀ ਕੀਤੇ ਗਏ ਵੱਖ ਵੱਖ ਬਿਆਨਾਂ ਦੇ ਨਾਲ ਨਾਲ ਜਿਸ ਤਰ੍ਹਾਂ ਉਨ੍ਹਾਂ ਨੇ ਕਲ ਪਾਰਟੀ ਤੋਂ ਕੱਢ ਗਏ ਅੱਠ ਆਗੂਆਂ ਦੀ ਅਗਵਾਈ ਕੀਤੀ, ਉਸ ’ਤੇ ਵੀ ਗੌਰ ਕੀਤਾ ਗਿਆ। ਅਨੁਸ਼ਾਸ਼ਨ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਢੀਂਡਸਾ ਨੇ ਪਾਰਟੀ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੇ ਵਲੋਂ ਸਾਰੇ ਅਸੰਤੁਸ਼ਟ ਆਗੂਆਂ ਨੂੰ ਪਾਰਟੀ ਆਗੂਆਂ ਨੂੰ ਪਾਰਟੀ ਦੀ ਮੀਟਿੰਗਾਂ ਵਿਚ ਭਾਗ ਲੈਣ ਅਤੇ ਪਾਰਟੀ ਫੋਰਮ ਵਿਚ ਉਨ੍ਹਾਂ ਦੀਆਂ ਗਲਤਫਹਿਮੀਆਂ ’ਤੇ ਚਰਚਾ ਕਰਨ ਲਈ ਸੱਦਾ ਦਿੱਤਾ ਸੀ। ਅਜਿਹਾ ਕਰਨ ਦੀ ਬਜਾਏ ਅਸੰਤੁਸ਼ਟ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਵੰਡਣ ਲਏ ਨਾਗਪੁਰ ਵਿਚ ਰਚੀ ਗਈ ਸਾਜਿਸ਼ ਦਾ ਹਿੱਸਾ ਬਣ ਗਏ। ਇਨ੍ਹਾਂ ਆਗੂਆਂ ਨੇ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਦੇ ਬੇਬੁਨਿਆਦ ਦੋਸ਼ਾਂ ਨੂੰ ਵੀ ਬਲ ਦਿੱਤਾ। ਜਦੋਂ ਉਨ੍ਹਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀੀ ਗਈ ਤਾਂ ਢੀਂਡਸਾ ਨੇ ਆਗੂਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਥੇ ਤੱਕ ਕਿ ਪਾਰਟੀ ਦੇ ਕੇਡਰ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਇਥੇ ਤੱਕ ਕਿ ਉਨ੍ਹਾਂ ਨੇ ਉਸ ਹੁਕਮ ਨੂੰ ਖਾਰਜ ਕਰ ਦਿੱਤਾ। ਹੁਣ ਪਾਰਟੀ ਨੇ ਢੀਂਡਸਾ ਦੇ ਖਿਲਾਫ ਨਿਸ਼ਚਿਤ ਕਾਰਵਾਈ ਕਰਕੇ ਰਿਕਾਰਡ ਨੂੰ ਸਹੀ ਸਾਬਤ ਕਰ ਦਿੱਤਾ। ਇਸ ਵਿਚ ਅਨੁਸ਼ਾਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਨੁਸਾਸ਼ਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮੌਕਾਪ੍ਰਸਤ ਵਿਅਕਤੀਆਂ ਤੋਂ ਦੂਰ ਰਹਿਣ, ਜਿਨ੍ਹਾਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਏਜੰਸੀਆਂ ਨਾਲ ਮਿਲ ਕੇ ਸਾਜਿਸ਼ ਰਚੀ ਹੈ। ਕਮੇਟੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਦੇ ਸੰਵਿਧਾਨ ਅਨੁਸਾਰ ਕੰਮ ਕਰ ਰਹੀ ਹੈ ਅਤੇ ਉਸ ਨੂੰ ਵਰਕਿੰਗ ਕਮੇਟੀ ਵਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਦੇ ਤਹਿਤ ਜ਼ਰੂਰੀ ਕਾਰਵਾਈ ਕਰਨ ਲਈ ਸੌਂਪਿਆ ਗਿਆ ਹੈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਬਰਖਾਸਤ ਆਗੂ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਲਈ ਆਜ਼ਾਦ ਹਨ ਅਤੇ ਜ਼ੋਰ ਦੇ ਕੇ ਕਿਹਾ ਕਿ ਵਰਕਿੰਗ ਕਮੇਟੀ ਦੇ 98 ਫੀਸਦੀ ਮੈਂਬਰਾਂ ਨੇ ਸ. ਬਾਦਲ ਦੀ ਅਗਵਾਈ ਵਿਚ ਵਿਸ਼ਵਾਸ਼ ਜਤਾਇਆ ਹੈ। ਇਸ ਵਿਚ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਪਸ਼ਟ ਕੀਤਾ ਕਿ ਪਾਰਟੀ ਸਰਪ੍ਰਸਤ ਦਾ ਅਹੁਦਾ ਮਾਣਯੋਗ ਹੁੰਦਾ ਹੈ ਅਤੇ ਸਰਪ੍ਰਸਤ ਕੋਲ ਪਾਰਟੀ ਵਲੋਂ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਢੀਂਡਸਾ ਦੇ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਬਰਖਾਸਤ ਆਗੂਆਂ ਨੇ ਪਾਰਟੀ ਵਿਚ ਸੁਧਾਰ ਅੰਦੋਲਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਬਰਾਬਰ ਸੰਗਠਨ ਬਣਾਉਣਾ ਪਾਰਟੀ ਵਿਰੋਧੀ ਗਤੀਵਿਧੀ ਹੀ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਢੀਂਡਸਾ ਨੇ ਤਤਕਾਲੀਨ ਐਸ. ਜੀ. ਪੀ. ਸੀ. ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਢੀਂਡਸਾ ਨੂੰ ਇਸ ਸਾਲ 5 ਮਾਰਚ ਨੂੰ ਪਾਰਟੀ ਵਿਚ ਵਾਪਸ ਆਉਣ ’ਤੇ ਸ. ਸੁਖਬੀਰ ਸਿੰਘ ਬਾਦਲ ਦੇ ਆਚਰਨ ਵਿਚ ਕੁੱਝ ਵੀ ਗਲਤ ਨਹੀਂ ਲੱਗਾ ਪਰ ਜਦੋਂ ਉਨ੍ਹਾਂ ਦੇ ਬੇਟੇ ਪਰਮਿੰਗਰ ਸਿੰਘ ਢੀਂਡਸਾ ਨੂੰ ਸੰਗਰੂਰ ਵਿਚ ਪਾਰਟੀ ਟਿਕਟ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਉਨ੍ਹਾਂ ਨੇ ਲੀਡਰਸ਼ਿਪ ’ਤੇ ਸਵਾਲ ਚੁੱਕਣਾ ਸ਼ੁਰੂ ਕਰ ਦਿੱਤਾ। ਗਰੇਵਾਲ ਨੇ ਇਕ ਹੋਰ ਬਰਖਾਸਤ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਚੰਦੂਮਾਜਰਾ ਨੇ 1987 ਵਿਚ ਕੈਬਨਿਟ ਮੰਤਰੀ ਦੇ ਰੂਪ ਵਿਚ ਆਪ੍ਰੇਸ਼ਨ ਬਲੈਕ ਥੰਡਰ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਡੇਰਾ ਸਿਰਸਾ ਪ੍ਰਮੁੱਖ ਨੂੰ ਦਿੱਤੀ ਗਈ ਮੁਆਫੀ ਦੀ ਵੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਲਈ ਪਾਰਟੀ ਪ੍ਰਧਾਨ ਉਦੋਂ ਤੱਕ ਚੰਗੇ ਸੀ ਜਦੋਂ ਤੱਕ ਪਾਰਟੀ ਪ੍ਰਧਾਨ ਨੇ ਉਨ੍ਹਾਂ ਦੇ ਪਰਿਵਾਰ ਲਈ ਦੋ ਵਿਧਾਨ ਸਭਾ ਟਿਕਟਾਂ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ, ਹਾਲਾਂਕਿ ਉਨ੍ਹਾਂ ਦਾ ਇਸ ’ਤੇ ਕੋਈ ਸੁਭਾਵਿਕ ਅਧਿਕਾਰ ਨਹੀਂ ਬਣਦਾ ਸੀ।