ਅੰਮ੍ਰਿਤਸਰ ‘ਚ ਇੱਕ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਲੁਟੇਰੇ ਇੱਕ ਕਰੋੜ ਨਗਦ ਅਤੇ ਤਿੰਨ ਕਿਲੋ ਸੋਨਾ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ, 26 ਜੂਨ 2024 : ਅੰਮ੍ਰਿਤਸਰ ਦੀ ਟੋਕਰੀਆਂ ਵਾਲੀ ਗਲੀ ‘ਚ ਇੱਕ ਬਜ਼ੁਰਗ ਜੋੜੇ ਨੂੰ ਘਰ ‘ਚ ਬੰਧਕ ਬਣਾ ਕੇ ਚਾਰ ਲੁਟੇਰਿਆਂ ਵੱਲੋਂ ਘਰ ਵਿੱਚੋ ਇੱਕ ਕਰੋੜ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋਣ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜੀਆ ਲਾਲ ਨੇ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਨਾਲ ਪਹਿਲਾਂ ਕੁੁੱਟਮਾਰ ਕੀਤੀ, ਉਸਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾ ਕੇ ਪੂਰੇ ਘਰ ਦੀ ਤਲਾਸੀ ਲਈ ਘਰ ਵਿੱਚ ਪਏ 1 ਕਰੋੜ ਰੁਪੈ ਨਗਦ, ਸੋਨੇ ਦੇ ਗਹਿਣੇ ਜਿੰਨ੍ਹਾਂ ਦੀ ਕੀਮਤ 2.25 ਕਰੋੜ ਦੇ ਕਰੀਬ ਬਣਦੀ ਹੈ, ਲੁੱਟ ਕੇ ਫਰਾਰ ਹੋ ਗਏ, ਉਨ੍ਹਾਂ ਦੱਸਿਆ ਕਿ ਲੁਟੇਰੇ ਜਾਣ ਸਮੇਂ ਲਾਇਸੰਸੀ ਪਿਸਤੌਲ ਅਤੇ ਉਨ੍ਹਾਂ ਐਕਵਿਟਾ ਵੀ ਲੈ ਗਏ। ਪੀੜਤ ਬਜ਼ੁਰਗ ਜੋੜੇ ਨੇ ਇਸ ਘਟਨਾਂ ਸਬੰਧੀ ਆਪਣੇ ਪਰਿਵਾਰ ਨੂੰ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਪੀੜਤ ਬਜ਼ੁਰਗ ਜੋੜੇ ਕੋਲ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਗੌਰਵ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਜੀਆ ਲਾਲ ਤੇ ਮਾਤਾ ਬਿਮਲਾ ਦੇਵੀ ਘਰ ਵਿੱਚ ਇੱਕਲੇ ਸਨ, ਸਵੇਰੇ ਸਮੇਂ ਉਹ ਰੋਜਾਨਾ ਦੀ ਤਰ੍ਹਾਂ ਜਦੋਂ ਸੈਰ ਕਰਨ ਲਈ ਗਲੀ ‘ਚ ਜਾਣ ਲਈ ਦਰਵਾਜਾ ਖੋਲਿ੍ਹਆ ਤਾਂ ਪਹਿਲਾਂ ਹੀ ਚਾਰ ਸ਼ੱਕੀ ਵਿਅਕਤੀ ਖੜ੍ਹੇ ਸਨ, ਜਿੰਨ੍ਹਾਂ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਧੱਕਾ ਮਾਰ ਘਰ ‘ਚ ਦਾਖਲ ਹੋ ਗਏ। ਜਦੋਂ ਇਸ ਦਾ ਉਨ੍ਹਾਂ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਪਿਤਾ ਨਾਲ ਕੁੱਟਮਾਰ ਕਰਕੇ ਜਖ਼ਮੀ ਕਰ ਦਿੱਤਾ ਤੇ ਸਿਰ ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਹੱਥ ਬੰਨ੍ਹ ਦਿੱਤੇ। ਜਿਸ ਤੋਂ ਬਾਅਦ ਵਿੱਚ ਲੁਟੇਰਿਆਂ ਨੇ ਘਰ ਵਿੱਚ ਫੋਲਾ ਫਰਾਲੀ ਸ਼ੁਰੂ ਕਰਦਿੱਤੀ। ਪੀੜਤ ਜੀਆ ਲਾਲ ਦੇ ਪੁੱਤਰ ਗੌਰਵ ਕੁਮਾਰ ਨੇ ਦੱਸਿਆ ਕਿ ਘਰ ਵਿੱਚ 1 ਕਰੋੜ ਨਗਦ, ਤਿੰਨ ਕਿਲੋ ਵਜਨ ਦੇ ਗਹਿਣੇ ਪਏ ਸਨ, ਜੋ ਲੁਟੇਰੇ ਲੁੱਟ ਕੇ ਲੈ ਗਏ। ਇਸ ਤੋਂ ਇਲਾਵਾ ਲਾਇੰਸਸੀ ਪਿਸਤੌਲ ਅਤੇ ਐਕਟਿਵਾ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਪਾਰਟੀ ਘਟਨਾਂ ਵਾਲੀ ਜਗ੍ਹਾ ਤੇ ਪੁੱਜੀ ਅਤੇ ਸਾਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਦੋਂ ਸਿਵਲ ਲਾਇਨ ਥਾਣੇ ਦੇ ਇੰਚਾਰਜ ਅਮੋਲਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਵੱਲੋਂ ਜਾਂਚ ਪੜਤਾਲ ਜਾਰੀ ਹੈ। ਇਸ ਮੌਕੇ ਫਿੰਗਰ ਪ੍ਰਿੰਟ ਮਾਹਿਰ ਟੀਮ ਨੂੰ ਬੁਲਾਇਆ ਗਿਆ ਸੀ, ਜਿੰਨ੍ਹਾਂ ਨੂੰ ਕੁੱਝ ਅਹਿਮ ਸਬੂਤ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰਲਿਆ ਜਾਵੇਗਾ।