ਪੰਜਾਬ 'ਚ 31 ਜਨਵਰੀ ਤੋਂ 3 ਫ਼ਰਵਰੀ ਤੱਕ ਪੈ ਸਕਦਾ ਮੀਂਹ 

ਚੰਡੀਗੜ੍ਹ, 29 ਜਨਵਰੀ 2025 : ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ 6 ਦਿਨਾਂ ਤੱਕ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ। ਇਸ ਕਾਰਨ 31 ਜਨਵਰੀ ਤੋਂ 3 ਫ਼ਰਵਰੀ ਤੱਕ ਪੰਜਾਬ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਜੇਕਰ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ, ਤਾਂ ਇਸ ਵਿੱਚ ਇੱਕ ਡਿਗਰੀ ਦਾ ਵਾਧਾ ਹੋਇਆ ਹੈ। ਜੋ ਕਿ ਆਮ ਤਾਪਮਾਨ ਨਾਲੋਂ 3.9 ਡਿਗਰੀ ਵੱਧ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 27.6 ਡਿਗਰੀ ਦਰਜ ਕੀਤਾ ਗਿਆ ਹੈ। ਅੱਜ ਸਭ ਤੋਂ ਵੱਧ ਠੰਢਾ ਸ਼ਹਿਰ ਫ਼ਤਿਹਗੜ੍ਹ ਸਾਹਿਬ ਰਿਹਾ ਹੈ। ਇੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ, ਬੀਤੇ ਦਿਨ (ਮੰਗਲਵਾਰ) ਪੰਜਾਬ ਦੇ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਸਭ ਤੋਂ ਠੰਢਾ ਹੈ। ਇੱਥੇ ਘੱਟੋ-ਘੱਟ ਤਾਪਮਾਨ 2.4 ਡਿਗਰੀ ਦਰਜ ਕੀਤਾ ਗਿਆ ਸੀ। ਜਦਕਿ, ਮੋਹਾਲੀ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਵੱਧ 7.9 ਡਿਗਰੀ ਦਰਜ ਕੀਤਾ ਗਿਆ ਸੀ।