ਪਠਾਨਕੋਟ 'ਚ ਸਰਕਾਰੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਮਿਲੇ ਪੋਸਟਰ 

ਪਠਾਨਕੋਟ, 20 ਜੁਲਾਈ 2024 : ਪਠਾਨਕੋਟ 'ਚ ਸਰਕਾਰੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਪੋਸਟਰ ਮਿਲੇ ਹਨ। ਪੋਸਟਰਾਂ 'ਤੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਵੀ ਲਿਖੇ ਹੋਏ ਹਨ। ਇਹ ਪੋਸਟਰ ਢਾਕੀ ਰੋਡ 'ਤੇ ਪਏ ਵਿਖਾਈ ਦਿੱਤੇ, ਜਿਨ੍ਹਾਂ ਨੂੰ ਅਣਪਛਾਤਿਆਂ ਵੱਲੋਂ ਸੁੱਟਿਆ ਗਿਆ। ਇਸ ਦੇ ਨਾਲ ਹੀ ਇੰਨ੍ਹਾਂ ਪੋਸਟਰਾਂ 'ਚ ਪਠਾਨਕੋਟ ਦੇ ਸਰਕਾਰੀ ਦਫ਼ਤਰ ਨੂੰ ਉਡਾਉਣ ਤੋਂ ਇਲਾਵਾ ਕਈ ਹੋਰ ਥਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਗਈ ਹੈ। ਇੰਨਾ ਹੀ ਨਹੀਂ ਇਸ ਦੌਰਾਨ ਇਕ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਇਸ ਬਾਰੇ ਸਥਾਨਕ ਲੋਕਾਂ ਨੂੰ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਕਰੀਬ ਚਾਰ ਵਿਅਕਤੀ ਕਾਰ ਦਾ ਸ਼ੀਸ਼ਾ ਤੋੜ ਕੇ ਮੌਕੇ ਤੋਂ ਫ਼ਰਾਰ ਹੋ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਦੇਖ ਲਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਅਤੇ ਜਦੋਂ ਉਨ੍ਹਾਂ ਨੇ ਛੱਤ ਤੋਂ ਦੇਖਿਆ ਤਾਂ ਚਾਰ ਵਿਅਕਤੀ ਭੱਜਦੇ ਹੋਏ ਦਿਖਾਈ ਦਿੱਤੇ। ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਲੱਗਦੀ ਹੈ। ਜਿਸ ਸਬੰਧੀ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪੁਲਿਸ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੀ ਹੈ। ਦੱਸ ਦਈਏ ਕਿ ਪਹਿਲਾਂ ਪਠਾਨਕੋਟ 'ਚ 3 ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਤਿੰਨੇ ਸ਼ੱਕੀ ਨੰਗਲਪੁਰ ਇਲਾਕੇ 'ਚ ਵੇਖੇ ਗਏ ਸਨ। ਤਸਵੀਰਾਂ 'ਚ ਤਿੰਨੇ ਸ਼ੱਕੀਆਂ ਦੇ ਬੀਐਸਐਫ ਦੀ ਵਰਦੀ ਪਾਏ ਹੋਏ ਸਨ।