ਗੜ੍ਹਸ਼ੰਕਰ ‘ਚ ਲੋਕਾਂ ਨੂੰ ਟਰੱਕ ਨੇ ਕੁਚਲਿਆ, 7 ਦੀ ਮੌਤ, 15 ਜਖ਼ਮੀ

ਗੜ੍ਹਸ਼ੰਕਰ, 13 ਅਪ੍ਰੈਲ : ਸਥਾਨਕ ਸ਼ਹਿਰ ਵਿੱਚ ਇੱਕ ਵਿਸਾਖੀ ਮਨਾਉਣ ਲਈ ਪੈਦਲ ਜਾ ਰਹੇ ਸਰਧਾਲੂਆਂ ਨਾਲ ਇੱਕ ਵੱਡਾ ਹਾਦਸਾ ਵਾਪਰਨ ਕਾਰਨ 7 ਦੀ ਮੌਤ ਅਤੇ 15 ਦੇ ਕਰੀਬ ਲੋਕਾਂ ਦੇ ਜਖ਼ਮੀ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਨੇੜੇ ਵੀਰਵਾਰ ਦੀ ਸਵੇਰ ਤਕਰੀਬਨ ਡੇਢ ਵਜੇ ਗੁਰੁ ਰਵਿਦਾਸ ਜੀ ਦੇ ਪਵਿੱਤਰ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦਾ ਤਿਓਹਾਰ ਮਨਾਉਣ ਲਈ ਪੈਦਲ ਜਾ ਰਹੇ ਕਿ ਇੱਕ ਟਰੱਕ ਨੇ ਪਿੱਛੇ ਤੋਂ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਮੌਕੇ ਤੇ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਨੁੰ ਇਲਾਜ ਲਈ ਗੜ੍ਹਸ਼ੰਕਰ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ 3 ਲੋਕ ਹੋਰ ਦਮਤੋੜ ਗਏ। ਮ੍ਰਿਤਕਾਂ ਦੀ ਪਹਿਚਾਣ ਰਾਹੁਲ (25), ਸੁਦੇਸ਼ ਪਾਲ (48), ਗੀਤਾ ਦੇਵੀ (40), ਉਨੱਤੀ (16) ਵਜੋਂ ਹੋਈ ਹੈ ਅਤੇ ਕੁੱਝ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜ ਲੋਕਾਂ ਦੀ ਸਿਹਤ ਜਿਆਦਾ ਖਰਾਬ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ। ਮ੍ਰਿਤਕ ਅਤੇ ਜਖ਼ਮੀ ਮੁਜ਼ੱਫਰਨਗਰ, ਯੂਪੀ ਅਤੇ ਜਿੰਦਲਪੁਰ ਭਾਦਸ ਦੇ ਵਸਨੀਕ ਦੱਸੇ ਜਾ ਰਹੇ ਹਨ।