ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਮਾਂ ਅਨੁਸਾਰ ਅਕਾਲੀ ਦਲ ਦੀ ਭਰਤੀ ਸ਼ੁਰੂ ਨਹੀਂ ਹੋਈ, ਕਮੇਟੀ ਭਰਤੀ ਸ਼ੁਰੂ ਕਰੇ : ਜੱਥੇਦਾਰ ਰਘਬੀਰ ਸਿੰਘ 

  • ਮੈਂ ਕੱਪੜੇ ਬੈਗ ਵਿੱਚ ਪਾਏ ਹੋਏ ਹਨ : ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 01 ਮਾਰਚ 2025 : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਕੱਪੜੇ ਬੈਗ ਵਿੱਚ ਪਾਏ ਹੋਏ ਹਨ, ਮੈਨੂੰ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਉਹ ਹੁਸਿਆਪੁਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਸਨ, ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਨੂੰ ਮੁੜ ਸੰਭਾਲੋ, ਕਿਉਂਕਿ ਐਡਵੋਕੇਟ ਧਾਮੀ ਇੱਕ ਇਮਾਨਦਾਰ ਤੇ ਗੁਰਸਿੱਖ, ਨੇਕ ਦਿਲ ਅਤੇ ਚੰਗੀ ਦਿੱਖ ਵਾਲੇ ਲੋਕਾਂ ਦੀ ਕਮੇਟੀ ਨੂੰ ਬਹੁਤ ਲੋੜ ਹੈ। ਜੱਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ 02 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 5 ਸਿੰਘ ਸਾਹਿਬਾਨ ਨੇ 7 ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਨਿਯੁਕਤ ਕੀਤੀ ਗਈ ਸੀ, ਤਰੀਕਬਨ ਢਾਈ ਮਹੀਨੇ ਦਾ ਸਮਾਂ ਬੀਤ ਗਿਆ ਹੈ।ਇਸ ਕਮੇਟੀ ਦੀ ਕਾਰਗੁਜਾਰੀ ਬਹੁਤ ਢਿੱਲੀ ਰਹੀ ਹੈ, ਪਿਛਲੇ ਦਿਨੀਂ ਉਨ੍ਹਾਂ ਨੂੰ ਕਮੇਟੀ ਦੇ ਕੁੱਝ ਆਗੂਆਂ ਵੱਲੋਂ ਇੱਕ ਪੱਤਰ ਸੌਂਪਿਆ ਹੈ।ਕਿ ਅਕਾਲੀ ਦਲ ਵੱਲੋੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ। ਜੱਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਸਹਿਯੋਗ ਲੈਣ ਲਈ ਕੋਈ ਹੁਕਮ ਜਾਰੀ ਨਹੀਂ ਕੀਤਾ ਸੀ, ਸਗੋਂ ਕੰਮ ਕਰਨ ਲਈ ਕਮੇਟੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਹਨ, ਉਨ੍ਹਾਂ ਵਿੱਚੋਂ ਐਡਵੋਕੇਟ ਧਾਮੀ ਦਾ ਅਸਤੀਫਾ ਮਿਲਿਆ ਹੈ, ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਹੜੇ ਪੰਜ ਮੈਂਬਰ ਕਮੇਟੀ ਵਿੱਚ ਹਨ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਪ੍ਰਕਿਰਿਆ ਨੂੰ ਆਰੰਭ ਕਰਨ। ਜੱਥੇਦਾਰ ਨੇ ਕਿਹਾ ਕਿ ਜੇਕਰ ਐਡਵੋਕਟ ਧਾਮੀ ਤੇ ਕ੍ਰਿਪਾਲ ਸਿੰਘ ਬਡੂੰਗਰ ਕਮੇਟੀ ਦੇ ਮੈਂਬਰ ਹਿੱਸਾ ਨਹੀਂ ਬਣਦੇ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸਿੰਘ ਸਾਹਿਬਾਨ ਨਾਲ ਗੱਲਬਾਤ ਕਰਕੇ 5 ਮੈਂਬਰਾਂ ਵਿੱਚੋਂ ਕਿਸੇ ਇੱਕ ਨੂੰ ਕਮੇਟੀ ਦਾ ਮੁਖੀ ਬਣਾ ਦਿੱਤਾ ਜਾਵੇਗਾ।ਜੱਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ, ਉਸ ਹਿਸਾਬ ਨਾਲ ਅਕਾਲੀ ਦਲ ਦੀ ਭਰਤੀ ਹਾਲੇ ਤੱਕ ਆਰੰਭ ਨਹੀਂ ਹੋਈ, ਸੋ ਜਿਹੜੇ 5 ਮੈਂਬਰ ਹਨ, ਉੇਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਅਨੁਸਾਰ ਭਰਤੀ ਸ਼ੁਰੂ ਕਰਨ। ਜੱਥਦਾਰ ਰਘਬੀਰ ਸਿੰਘ ਨੇ ਕਿਹਾ ਕਿ ਗੁਰੂਘਰ ਵਿੱਚ ਸੇਵਾ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ, ਇੱਥੇ ਕਿਸੇ ਦਾ ਹੁਕਮ ਨਹੀਂ ਚੱਲਦਾ। ਜੇਕਰ ਗੁਰੂ ਦੀ ਕਿਰਪਾ ਹੋਵੇਗੀ ਤਾਂ ਸੇਵਾ ਮਿਲੇਗੀ, ਨਹੀਂ ਤਾਂ ਨਹੀਂ ਮਿਲੇਗੀ।