ਐੱਨਆਈਏ ਨੇ ਹਰਿਆਣਾ ਤੇ ਪੰਜਾਬ ’ਚ ਕੀਤੀ ਛਾਪੇਮਾਰੀ 

ਚੰਡੀਗੜ੍ਹ, 11 ਦਸੰਬਰ 2024 : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਹਰਿਆਣਾ ਤੇ ਪੰਜਾਬ ’ਚ ਖਾਲਿਸਤਾਨੀ ਅੱਤਵਾਦੀਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਅੱਜ ਸਵੇਰੇ 5 ਵਜੇ ਤੋਂ ਲੈ ਕੇ ਕਰੀਬ 10 ਵਜੇ ਤੱਕ ਜਾਰੀ ਰਹੀ। ਇਹ ਛਾਪੇਮਾਰੀ ਪੰਜਾਬ ਦੇ ਮੁਕਤਸਰ, ਬਠਿੰਡਾ ਤੇ ਮੋਗਾ ’ਚ ਕੀਤੀ ਗਈ ਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਡੱਬਵਾਲੀ ਖੇਤਰਾਂ ’ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਏਜੰਸੀ ਦੇ ਅਧਿਕਾਰੀਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ ਇਹ ਛਾਪੇਮਾਰੀ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਸਬੰਧਾਂ ਕਾਰਨ ਕੀਤੀ ਗਈ ਹੈ। ਮਾਨਸਾ ’ਚ ਐਨਆਈਏ ਨੂੰ ਸ਼ੱਕ ਹੈ ਕਿ ਵਿਸ਼ਾਲ ਸਿੰਘ (ਪਟਿਆਲਾ ਜੇਲ੍ਹ ’ਚ ਬੰਦ) ਤੇ ਮੇਸ਼ੀ ਬਾਕਸਰ (ਸਾਬਕਾ ਖਿਡਾਰੀ) ਦੇ ਅੱਤਵਾਦੀ ਅਰਸ਼ ਡੱਲਾ ਤੇ ਸ਼ਹਿਰ ’ਚ ਨਸ਼ਾ ਤਸਕਰਾਂ ਨਾਲ ਸਬੰਧ ਹਨ। ਬਠਿੰਡਾ ’ਚ ਐੱਨਆਈਏ ਨੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਸੰਦੀਪ ਸਿੰਘ ਢਿੱਲੋਂ, ਬੌਬੀ ਵਾਸੀ ਮੋੜ ਮੰਡੀ ਅਤੇ ਇੱਕ ਹੋਰ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ ਮਲੋਟ ਰੋਡ ਬਾਈਪਾਸ ’ਤੇ ਅਮਨਦੀਪ ਨਾਂਅ ਦੇ ਵਿਅਕਤੀ ਦੇ ਘਰ ਕੀਤੀ ਗਈ। ਅਮਨਦੀਪ ਨਾਭਾ ਜ਼ੇਲ੍ਹ ’ਚ ਬੰਦ ਹੈ। ਐੱਨਆਈਏ ਨੇ ਡੱਬਵਾਲੀ ਸ਼ਹਿਰ ਤੇ ਪਿੰਡ ਲੋਹਗੜ੍ਹ ’ਚ 2 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਐੱਨਆਈਏ ਨੇ ਸਵੇਰੇ 8.30 ਵਜੇ ਤੱਕ ਇੱਥੇ ਜਾਂਚ ਕੀਤੀ। ਐਨਆਈਏ ਬਠਿੰਡਾ ਜੇਲ੍ਹ ’ਚ ਬੰਦ ਅਮਰ ਪ੍ਰਤਾਪ ਸਿੰਘ ਉਰਫ਼ ਰਾਜੂ ਦੇ ਪਿੰਡ ਲੋਹਗੜ੍ਹ ਦੇ ਘਰ ਪਹੁੰਚੀ ਸੀ। ਇੱਥੇ ਟੀਮ ਨੇ ਰਾਜੂ ਦੇ ਪਿਤਾ ਕੁਲਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਹੈ। ਰਾਜੂ ਖਿਲਾਫ਼ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਮਹਿਜ਼ ਇੱਕ ਮਹੀਨਾ ਪਹਿਲਾਂ ਉਸ ਖਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਉਹ ਜ਼ੇਲ੍ਹ ’ਚ ਬੰਦ ਹੈ। ਐੱਨਆਈਏ ਨੇ ਦੂਜੀ ਛਾਪੇਮਾਰੀ ਡੱਬਵਾਲੀ ਸ਼ਹਿਰ ਦੀ ਧਾਰੀਵਾਲ ਕਲੋਨੀ ’ਚ ਕੀਤੀ ਹੈ। ਇਹ ਕਲੋਨੀ ਸਿਰਸਾ ਰੋਡ ’ਤੇ ਪੈਂਦੀ ਹੈ। ਇੱਥੇ ਰਾਜੂ ਦੇ ਸਾਥੀ ਬਲਰਾਜ ਸਿੰਘ ਤੋਂ ਕੁਝ ਸਮਾਂ ਪੁੱਛਗਿੱਛ ਕੀਤੀ ਗਈ। ਬਲਰਾਜ ਨੂੰ ਪੁੱਛਿਆ ਗਿਆ ਕਿ ਉਹ ਰਾਜੂ ਨੂੰ ਕਦੋਂ ਤੋਂ ਤੇ ਕਿਵੇਂ ਜਾਣਦਾ ਹੈ। ਫਿਲਹਾਲ ਬਲਰਾਜ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।