ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਲੈ ਕੇ ਉਸਾਰੂ ਸੇਧ ਦੇਣ ਦੀ ਲੋੜ : ਰਾਜਪਾਲ ਕਟਾਰੀਆ

ਚੰਡੀਗੜ੍ਹ, 8 ਫਰਵਰੀ, 2025 : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਵਿਖੇ ਆਯੋਜਿਤ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਤਣਾਅ ਪ੍ਰਬੰਧਨ ਅਤੇ ਨਸ਼ਾ ਛੁਡਾਊ ਵਿਸ਼ੇ 'ਤੇ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਕਿਹਾ ਕਿ ਵਿਕਸਤ ਭਾਰਤ 2047 ਦੇ ਸੁਨਹਿਰੀ ਸੁਪਨੇ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਤਾਕਤਵਰ ਨੌਜਵਾਨ ਪੀੜ੍ਹੀ ਦੇ ਮੋਢਿਆਂ 'ਤੇ ਹੈ। ਰਾਜਪਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਲੈ ਕੇ ਉਨ੍ਹਾਂ ਨੂੰ ਸਕਾਰਾਤਮਕ ਦਿਸ਼ਾ ਦੇਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀ ਊਰਜਾ ਨੂੰ ਸਮਾਜ ਅਤੇ ਅੰਤ ਵਿੱਚ ਦੇਸ਼ ਦੀ ਭਲਾਈ ਲਈ ਸਹੀ ਰਸਤੇ 'ਤੇ ਤੋਰਿਆ ਜਾ ਸਕੇ। ਇਸ ਮੌਕੇ ਰਾਜਪਾਲ ਨੇ ਬੱਚਿਆਂ ਨੂੰ ਤਣਾਅ ਮੁਕਤ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਨਸ਼ਿਆਂ ਦੀ ਭਿਆਨਕ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਇਕਜੁੱਟ ਅਤੇ ਸੰਗਠਿਤ ਯਤਨ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਪੰਜਾਬ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣ ਲਈ ਵਿੱਦਿਅਕ ਅਦਾਰਿਆਂ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਟਾਰੀਆ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਭਵਿੱਖ ਦੇ ਆਗੂ ਅਤੇ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ। ਕੁਝ ਦੇਸ਼ਾਂ ਵੱਲੋਂ ਨਸ਼ਿਆਂ ਦੀ ਤਸਕਰੀ ਰਾਹੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਦੋਂ ਉਹ ਭਾਰਤ ਨੂੰ ਜੰਗ ਰਾਹੀਂ ਨਹੀਂ ਹਰਾ ਸਕਦੇ ਤਾਂ ਉਹ ਅਜਿਹੀਆਂ ਨਾਪਾਕ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਨ.ਡੀ.ਪੀ.ਐਸ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਗੱਲ 'ਤੇ ਵੀ ਤਸੱਲੀ ਪ੍ਰਗਟਾਈ ਕਿ ਪੰਜਾਬ ਰਾਜ ਇਸ ਕਾਨੂੰਨ ਤਹਿਤ ਦੇਸ਼ ਭਰ ਵਿੱਚ ਸਭ ਤੋਂ ਵੱਧ 85 ਫੀਸਦੀ ਸਜ਼ਾਵਾਂ ਦਰਸਾਉਂਦਾ ਹੈ। ਰਾਜਪਾਲ ਨੇ ਵਾਈਸ ਚਾਂਸਲਰਜ਼ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਯੂਨੀਵਰਸਿਟੀ ਕੈਂਪਸ ਨਸ਼ਾ ਮੁਕਤ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਕੈਂਪਸ ਨੂੰ 'ਨਸ਼ਾ ਮੁਕਤ' ਤਾਂ ਹੀ ਘੋਸ਼ਿਤ ਕੀਤਾ ਜਾਵੇ ਜੇਕਰ ਇਹ ਸੱਚਮੁੱਚ ਹੋਵੇ, ਅਤੇ ਜੇਕਰ ਨਹੀਂ, ਤਾਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨ ਹੋਰ ਤੇਜ਼ ਕੀਤੇ ਜਾਣ। ਇਸ ਤੋਂ ਪਹਿਲਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਵਹਾਅ ਨੂੰ ਰੋਕਣ ਲਈ ਇਸ ਦੀ ਸਪਲਾਈ ਚੇਨ ਨੂੰ ਤੋੜਨਾ ਜ਼ਰੂਰੀ ਹੈ, ਕਿਉਂਕਿ ਪੰਜਾਬ ਨਸ਼ਿਆਂ ਦਾ ਉਤਪਾਦਨ ਨਹੀਂ ਕਰਦਾ, ਸਗੋਂ ਸਿਰਫ਼ ਆਵਾਜਾਈ ਵਾਲਾ ਸੂਬਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਉਦਯੋਗਿਕ ਮੰਗ ਅਨੁਸਾਰ ਹੁਨਰ ਆਧਾਰਿਤ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਮਾਈਕਰੋ ਫਾਇਨਾਂਸਿੰਗ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਤਾਂ ਜੋ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਸਵੈ-ਰੁਜ਼ਗਾਰ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ।