ਜਗਰਾਓ (ਰਛਪਾਲ ਸਿੰਘ ਸ਼ੇਰਪੁਰੀ) : ਕਸਬਾ ਸੁਧਾਰ ਵਿੱਚ ਇੱਕ ਲੜਕੀ ਦਾ ਕਤਲ ਕਰਕੇ ਲਾਸ ਨੂੰ ਅੱਧ ਸੜੀ ਕਰਕੇ ਇੱਕ ਸਟੱਡ ਫਾਰਮ ’ਚ ਦੱਬਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ 24 ਸਾਲਾ ਲੜਕੀ ਜਿਸ ਨੂੰ ਉਸਦੇ ਪ੍ਰੇਮੀ ਨੇ ਆਪਣੇ ਭਰਾ ਅਤੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਲਾਸ ਨੂੰ ਅੱਧ ਸੜਿਆ ਕਰਕੇ ਸੁਧਾਰ ਵਿਖੇ ਹੀ ਇੱਕ ਸਟੱਡ ਫਾਰਮ ਤੇ ਦੱਬ ਦਿੱਤਾ। ਪਿੰਡ ਰਸੂਲਪੁਰ (ਜਗਰਾਓਂ) ਦੀ ਮ੍ਰਿਤਕ ਲੜਕੀ (24) ਦਾ ਆਪਣੀ ਹੀ ਰਿਸ਼ਤੇਦਾਰੀ ’ਚ ਲੜਕੇ ਪਰਮਪ੍ਰੀਤ ਸਿੰਘ ਵਾਸੀ ਸੁਧਾਰ ਨਾਲ 7ਵੀਂ ਜਮਾਤ ’ਚ ਪੜਦਿਆਂ ਤੋਂ ਪਿਆਰ ਸੀ, ਜਿਸ ਕਾਰਨ ਮ੍ਰਿਤਕਾ ਵੱਲੋਂ ਆਪਣੇ ਪ੍ਰੇਮੀ ਪਰਮਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ, ਪਰ ਮ੍ਰਿਤਕ ਲੜਕੀ ਦਾ ਪ੍ਰੇਮੀ ਉਸ ਤੇ ਸ਼ੱਕ ਕਰਦਾ ਹੋਣ ਕਰਕੇ ਵਿਆਹ ਕਰਵਾਉਣ ਲਈ ਰਾਜੀ ਨਹੀਂ ਸੀ, ਕੁੱਝ ਦਿਨ ਪਹਿਲਾਂ ਪਰਮਪ੍ਰੀਤ ਸਿੰਘ ਨੇ ਲੜਕੀ ਤੋਂ ਆਪਣਾ ਖਹਿੜਾ ਛੁਡਵਾਉਣ ਲਈ ਲੜਕੀ ਨੂੰ ਘਰ ਤੋਂ ਭੱਜਣ ਲਈ ਕਿਹਾ ਅਤੇ ਰਸਤੇ ਵਿੱਚ ਪ੍ਰੇਮੀ ਪਰਮਪ੍ਰੀਤ ਸਿੰਘ ਨੇ ਆਪਣੇ ਭਰਾ ਭਵਨਦੀਪ ਸਿੰਘ ਨਾਲ ਮਿਲ ਕੇ ਲੜਕੀ ਦਾ ਉਸਦੀ ਹੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਰਾਏਕੋਟ ਦੇ ਨੇੜਲੇ ਪਿੰਡ ਦੱਧਾਹੂਰ ਕੋਲੋਂ ਲੰਘਦੀ ਨਹਿਰ ਵਿੱਚ ਸੁੱਟ ਦਿੱਤਾ,ਪਰ ਨਹਿਰ ਵਿੱਚ ਪਾਣੀ ਦੀ ਮਾਤਰਾ ਘੱਟ ਹੋਣ ਕਰਕੇ ਲਾਸ਼ ਪਾਣੀ ਵਿੱਚ ਨਾ ਰੁੜੀ ਤਾਂ ਲੜਕੀ ਦੀ ਲਾਸ਼ ਚੁੱਕ ਕੇ ਸੁਧਾਰ ਵਿਖੇ ਸਥਿਤ ਸਟੱਡ ਫਾਰਮ ਤੇ ਲੈ ਗਏ ਜਿੱਥੇ ਲੜਕੀ ਦੇ ਪ੍ਰੇਮੀ ਪਰਮਪ੍ਰੀਤ ਸਿੰਘ, ਉਸਦੇਭਰਾ ਭਵਨਦੀਪ ਸਿੰਘ ਅਤੇ ਇੰਨ੍ਹਾਂ ਦੇ ਦੋ ਹੋਰ ਸਾਥੀਆਂ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਅੱਧ ਸੜਿਆ ਕਰਕੇ ਪੰਜ ਫੁੱਟ ਦੇ ਕਰੀਬ ਡੂੰਘਾ ਟੋਆ ਪੁੱਟ ਕੇ ਦੱਬ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਹਠੂਰ ਦੇ ਇੰਚਾਰਜ ਜਗਜੀਤ ਸਿੰਘ ਨੇ ਮਾਮਲੇ ਦੀ ਜਾਂਚ ਪੜਤਾਲ ਡੂੰਘਾਈ ਨਾਲ ਕਰਦੇ ਹੋਏ ਇਸ ਕਤਲ ’ਚ ਸ਼ਾਮਿਲ ਪਰਮਪ੍ਰੀਤ ਸਿੰਘ, ਉਸਦੇ ਭਰਾ ਭਵਨਦੀਪ ਸਿੰਘ, ਏਕਮਪ੍ਰੀਤ ਸਿੰਘ ਵਾਸੀ ਘੁਮਾਣ, ਹਰਪ੍ਰੀਤ ਸਿੰਘ ਵਾਸੀ ਮਨਸੂਰਾਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ ਤੋਂ ਪੁੱਛ ਪੜਤਾਲ ਕਰਨ ਉਪਰੰਤ ਸਟੱਡ ਫਾਰਮ ’ਚ ਦੱਬੀ ਲਾਸ਼ ਨੂੰ ਕਢਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਏਕੋਟ ਰਛਪਾਲ ਸਿੰਘ, ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਕਿ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਲੜਕੀ ਦੇ ਗੁੰਮ ਹੋਣ ਸਬੰਧੀ ਇੱਕ ਰਿਪੋਰਟ ਦਰਜ ਕਰਵਾਈ ਸੀ, ਜਿਸ ਦੀ ਜਾਂਚ ਪੜਤਾਲ ਕਰਨ ਤੇ ਇਹ ਮਾਮਲਾ ਸ਼ੱਕੀ ਲੱਗਾ। ਉਨ੍ਹਾਂ ਦੱਸਿਆ ਕਿ ਜਦੋਂ ਗੁੰਮ ਲੜਕੀ ਦੇ ਮੋਬਾਇਲ ਨੰਬਰ ਦੀ ਡਿਟੇਲ ਕਢਵਾਈ ਗਈ ਤਾਂ ਉਸ ਦੀਆਂ ਫੋਨ ਕਾਲਾਂ ਇੱਕ ਹੀ ਨੰਬਰ ਤੇ ਜਿਆਦਾ ਕੀਤੀਆਂ ਗਈਆਂ ਸਨ, ਜਦੋਂ ਇਸ ਬਾਰੇ ਪਤਾ ਕੀਤਾ ਗਿਆ ਤਾਂ ਲੜਕੀ ਦੇ ਕਤਲ ਕਰ ਦਿੱਤੇ ਜਾਣ ਦੀ ਘਟਨਾਂ ਸਾਹਮਣੇ ਆਈ, ਡੀਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਕਥਿਤ ਦੋਸ਼ੀ ਪੁਲਿਸ ਨੇ ਗ੍ਰਿਫਤਾਰ ਕਰ ਲੈ ਹਨ, ਜਿੰਨ੍ਹਾਂ ਦਾ ਰਿਮਾਂਡ ਲੈਣ ਤੋਂ ਬਾਅਦ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।