ਆਓ ਮਿਲ ਕੇ ਡੱਲੇਵਾਲ ਸਾਬ ਦਾ ਸਾਥ ਦੇਈਏ ਤੇ ਡੁੱਬ ਰਹੀ ਕਿਸਾਨੀ ਨੂੰ ਬਚਾਈਏ : ਰਾਜਾ ਵੜਿੰਗ 

  • ਪ੍ਰਧਾਨ ਰਾਜਾ ਵੜਿੰਗ ਪਹੁੰਚੇ ਖਨੌਰੀ ਬਾਰਡਰ
  • ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਜਾਣਿਆ ਹਾਲ ਚਾਲ
  • ਕਾਂਗਰਸ ਡੱਲੇਵਾਲ ਤੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਖੜੀ ਹੈ ਤੇ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ : ਰਾਜਾ ਵੜਿੰਗ 

ਖਨੌਰੀ, 16 ਦਸੰਬਰ, 2024 : ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਕਿਹਾ ਕਿ “ਅੱਜ ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਣ ਲਈ ਪਹੁੰਚਿਆ ਹਾਂ। ਕਿਸਾਨੀ ਹੱਕਾਂ ਲਈ ਲੜੀ ਜਾ ਰਹੀ ਇਹ ਜੰਗ ਸਾਡੇ ਸਾਰਿਆਂ ਲਈ ਅਹਿਮ ਮਹੱਤਵ ਰੱਖਦੀ ਹੈ। ਆਓ ਮਿਲ ਕੇ ਡੱਲੇਵਾਲ ਸਾਬ ਦਾ ਸਾਥ ਦੇਈਏ ਤੇ ਡੁੱਬ ਰਹੀ ਕਿਸਾਨੀ ਨੂੰ ਬਚਾਈਏ।” ਉਨ੍ਹਾਂ ਕਿਹਾ ਕਿ ਮੈਂ ਡੱਲੇਵਾਲ ਸਾਹਿਬ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜੋ ਇੰਨੀ ਦ੍ਰਿੜਤਾ ਅਤੇ ਇੰਨੇ ਹੌਂਸਲੇ ਨਾਲ ਇਹ ਲੜਾਈ ਲੜ੍ਹ ਰਹੇ ਹਨ। ਇਹ ਕੋਈ ਉਹਨਾਂ ਦੀ ਨਿੱਜੀ ਲੜਾਈ ਨਹੀਂ ਹੈ ਇਹ ਸਾਡੀ ਸਭ ਦੀ ਲੜਾਈ ਹੈ, ਸਾਡੀ ਕਿਸਾਨੀ ਦੀ ਲੜਾਈ ਹੈ, ਸਾਡੇ ਅੰਨਦਾਤਾ ਦੀ ਲੜਾਈ ਹੈ। ਸਾਨੂੰ ਸਭ ਨੂੰ ਉਹਨਾਂ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਪਹਿਲਾਂ ਵੀ ਪਾਰਲੀਮੈਂਟ ਵਿੱਚ ਇਹ ਮੁੱਦਾ ਚੁੱਕਦੇ ਆਏ ਹਾਂ ਤੇ ਸਾਡੇ ਲੀਡਰ ਰਾਹੁਲ ਗਾਂਧੀ ਵੀ ਲਗਾਤਾਰ ਕਿਸਾਨਾਂ ਦੀ ਅਵਾਜ਼ ਬੁਲੰਦ ਕਰਦੇ ਆ ਰਹੇ ਹਨ। ਪੂਰੀ ਕਾਂਗਰਸ ਪਾਰਟੀ ਡੱਲੇਵਾਲ ਸਾਬ ਤੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਖੜੀ ਹੈ ਤੇ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ।  ਦੱਸ ਦਈਏ ਕਿ ਕਿਸਾਨ ਆਗੂ ਡੱਲੇਵਾਲ ਨੇ 26 ਨਵੰਬਰ ਨੂੰ ਖਨੌਰੀ ਸਰਹੱਦ ‘ਤੇ ਮਰਨ ਵਰਤ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਭਾਰ ਹੁਣ ਕਾਫੀ ਘੱਟ ਗਿਆ ਹੈ ਅਤੇ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਲਗਾਤਾਰ ਡੱਲੇਵਾਲ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ।