ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਤਵਾਦੀ ਲਖਬੀਰ ਉਰਫ ਲੰਡਾ ਦੇ 5 ਹੋਰ ਗੁਰਗਿਆਂ ਨੂੰ ਤਿੰਨ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ 

ਜਲੰਧਰ, 14 ਜੁਲਾਈ 2024 : ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਉਰਫ ਲੰਡਾ ਦੇ 5 ਹੋਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਡੀਜੀਪੀ ਪੰਜਾਬ ਗੋਰਵ ਯਾਦਵ ਵਲੋਂ ਦਿੱਤੀ ਗਈ ਹੈ। ਜਿੰਨ੍ਹਾਂ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਵੀ ਕੀਤਾ ਹੈ। ਇਸ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਜਿਸ 'ਚ ਪੁਲਿਸ ਨੂੰ ਤਿੰਨ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਬਦਮਾਸ਼ਾਂ ਵਿਰੁੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ ਅਤੇ ਫਿਰੌਤੀ ਵਰਗੇ ਘਿਨਾਉਣੇ ਅਪਰਾਧਾਂ ਲਈ ਪਹਿਲਾਂ ਵੀ ਪੁਲਿਸ ਵਲੋਂ ਕੇਸ ਦਰਜ ਕੀਤੇ ਹੋਏ ਹਨ। ਡੀਜੀਪੀ ਪੰਜਾਬ ਗੋਰਵ ਯਾਦਵ ਨੇ ਐਕਸ 'ਤੇ ਲਿਖਿਆ ਕਿ, "ਸੰਗਠਿਤ ਅਪਰਾਧ ਦੇ ਖਿਲਾਫ ਵੱਡੀ ਸਫਲਤਾ ਹਾਸਲ ਕਰਦੇ ਹੋਏ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਦੇ 5 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਇਸ ਗਿਰੋਹ ਦੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮ ਕਈ ਜ਼ਿਲ੍ਹਿਆਂ ਵਿੱਚ ਕਤਲ, ਫਿਰੌਤੀ ਅਤੇ ਹੋਰ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਲੰਧਰ ਪੁਲਿਸ ਪਿਛਲੇ ਕਈ ਦਿਨਾਂ ਤੋਂ ਲਖਬੀਰ ਸਿੰਘ ਉਰਫ਼ ਲੰਡਾ ਦੇ ਸਾਥੀਆਂ ਦਾ ਨੈੱਟਵਰਕ ਤੋੜਨ 'ਚ ਲੱਗੀ ਹੋਈ ਹੈ। ਪੁਲਿਸ ਨੇ ਇਸ ਤੋਂ ਪਹਿਲਾਂ 30 ਜੂਨ ਨੂੰ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਇਹ ਖੁਲਾਸਾ ਹੋਇਆ ਸੀ ਕਿ ਮੁਲਜ਼ਮ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਨ੍ਹਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਹੋਏ ਸਨ। ਇਸ ਤੋਂ ਬਾਅਦ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਰਾਜ਼ ਸਾਹਮਣੇ ਆਏ। ਜ਼ਿਕਰਯੋਗ ਹੈ ਕਿ ਅੱਤਵਾਦੀ ਲਖਬੀਰ ਉਰਫ ਲੰਡਾ ਵਿਦੇਸ਼ 'ਚ ਹੈ , ਪੰਜਾਬ 'ਚ ਉਸ ਦੇ ਸਾਥੀ ਲੰਡਾ ਦੇ ਇਸ਼ਾਰੇ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੰਡਾ ਗੈਂਗ ਦੇ ਬਦਮਾਸ਼ ਲੋਕਾਂ ਤੋਂ ਜਬਰੀ ਵਸੂਲੀ, ਕਤਲ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਰਗੇ ਘਿਨਾਉਣੇ ਅਪਰਾਧ ਕਰ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।