ਜਗਰਾਉਂ ‘ਚ ਜਨਤਕ ਸੜਕਾਂ ਤੋਂ ਨਜਾਇਜ਼ ਕਬਜੇ ਹਟਾਏ ਗਏ


ਜਗਰਾਉਂ, ਸਿਵਲ ਪ੍ਰਸ਼ਾਸ਼ਨ, ਨਗਰ ਨਿਗਮ ਅਤੇ ਪੁਲਿਸ ਵਿਭਾਗ ਵੱਲੋਂ ਜਗਰਾਉਂ ਵਿਖੇ, ਸ਼ਹਿਰ ਵਿੱਚ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜਨਤਕ ਸੜਕਾਂ ਤੋਂ ਨਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ। ਜਗਰਾਓਂ ਪੁਲ ਹੇਠ ਮੁਹਿੰਮ ਦੀ ਅਗਵਾਈ ਕਰਦਿਆਂ ਐਸ.ਡੀ.ਐਮ. ਸ੍ਰੀ ਵਿਕਾਸ ਹੀਰਾ ਨੇ ਦੱਸਿਆ ਕਿ ਜਨਤਕ ਸੜਕਾਂ ‘ਤੇ ਕੀਤੇ ਕਬਜ਼ੇ ਹਟਾਉਣ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਜਗਰਾਓਂ ਪੁਲ ਦੇ ਹੇਠਾਂ ਤੋਂ ਸਾਰੀਆਂ ਨਾਜਾਇਜ਼ ਰੇਹੜੀਆਂ ਅਤੇ ਆਟੋ ਰਿਕਸ਼ਾ ਹਟਾਏ ਗਏ ਸਨ ਅਤੇ ਉਨ੍ਹਾਂ ਨੂੰ ਆਵਾਜਾਈ ਵਿੱਖ ਵਿਘਨ ਨਾ ਪਾਉਣ ਦੀ ਚਿਤਾਵਨੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਸ਼ਹਿਰੀ ਇਲਾਕੇ ਅਤੇ ਬਾਜ਼ਾਰਾਂ ਵਿੱਚ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿਸ ਨਾਲ ਯਾਤਰੀਆਂ ਲਈ ਪ੍ਰਭਾਵੀ ਟ੍ਰੈਫਿਕ ਪ੍ਰਬੰਧਨ ਵਿੱਚ ਮਦਦ ਮਿਲੇਗੀ। ਐਸ.ਡੀ.ਐਮ. ਹੀਰਾ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਜ਼ੈਬਰਾ ਲਾਈਨਾਂ, ਪਾਰਕਿੰਗ ਲਾਈਨਾਂ ਦੀ ਨਿਸ਼ਾਨਦੇਹੀ ਅਤੇ ਟ੍ਰੈਫਿਕ ਸੰਕੇਤ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬਿਹਤਰ ਨਿਗਰਾਨੀ ਦੇ ਨਾਲ ਨਿਯਮਤ ਅਭਿਆਸ ਹੋਵੇਗਾ ਅਤੇ ਹਰ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾਵੇਗਾ।