ਪੰਜਾਬ ‘ਚ 2008 ਕਰੋੜ ਰੁਪਏ ਦਾ GST ਵਾਧਾ, ਦੇਸ਼ ਦੇ ਤਿੰਨ ਪ੍ਰਮੁੱਖ ਸੂਬਿਆਂ ‘ਚ ਸ਼ਾਮਲ

ਚੰਡੀਗੜ੍ਹ, 03 ਫਰਵਰੀ 2025 : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਨੇ ਵਿੱਤੀ ਸਾਲ 2023 ਦੇ ਮੁਕਾਬਲੇ ਚਾਲੂ ਵਿੱਤੀ ਸਾਲ ‘ਚ ਜਨਵਰੀ ਤੱਕ ਸ਼ੁੱਧ ਵਸਤੂਆਂ ਅਤੇ ਸੇਵਾਵਾਂ ਟੈਕਸ ਸੰਗ੍ਰਹਿ ‘ਚ 11.87% ਦਾ ਪ੍ਰਭਾਵਸ਼ਾਲੀ ਵਾਧਾ ਪ੍ਰਾਪਤ ਕਰਕੇ ਰਾਸ਼ਟਰੀ ਔਸਤ ਦਰ 10% ਨੂੰ ਪਾਰ ਕੀਤਾ ਹੈ | ਇਸਦੇ ਨਾਲ ਹੀ ਪੰਜਾਬ ਨੇ ਮੌਜੂਦਾ ਵਿੱਤੀ ਸਾਲ ‘ਚ ਆਬਕਾਰੀ ‘ਚ 15.33% ਅਤੇ ਨੈੱਟ GST, ਆਬਕਾਰੀ, ਵੈਟ, CST ਅਤੇ PSDT ਟੈਕਸਾਂ ਤੋਂ ਪ੍ਰਾਪਤ ਕੁੱਲ ਮਾਲੀਏ ‘ਚ 11.67% ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇਸ਼ ਦੇ ਤਿੰਨ ਪ੍ਰਮੁੱਖ ਜਨਰਲ ਸ਼੍ਰੇਣੀ ਸੂਬਿਆਂ (ਜੀਸੀਐਸ) ‘ਚੋਂ ਇੱਕ ਹੈ, ਜਿਨ੍ਹਾਂ ਨੇ ਜੀਐਸਟੀ ਉਗਰਾਹੀ ‘ਚ ਰਾਸ਼ਟਰੀ ਵਿਕਾਸ ਦਰ ਨੂੰ ਪਾਰ ਕੀਤਾ ਹੈ। ਚਾਲੂ ਵਿੱਤੀ ਸਾਲ ‘ਚ ਜਨਵਰੀ ਤੱਕ ਨੈੱਟ ਜੀਐਸਟੀ ਪ੍ਰਾਪਤੀਆਂ 19,414.57 ਕਰੋੜ ਰੁਪਏ ਰਹੀ। ਜਦੋਂ ਕਿ ਵਿੱਤੀ ਸਾਲ 2023-24 ਦੀ ਇਸੇ ਮਿਆਦ ਦੌਰਾਨ 17,354.26 ਕਰੋੜ ਰੁਪਏ ਇਕੱਠੇ ਕੀਤੇ ਗਏ, ਜੋ ਕਿ 2,060.31 ਕਰੋੜ ਰੁਪਏ ਦਾ ਵਾਧਾ ਹੈ। ਸੂਬੇ ਨੇ ਜਨਵਰੀ 2025 ਦੌਰਾਨ ਸ਼ੁੱਧ ਜੀਐਸਟੀ (GST ) ‘ਚ 9.73% ਦਾ ਵਾਧਾ ਦਰਜ ਕੀਤਾ, ਜਿਸ ਨਾਲ ਜਨਵਰੀ 2024 ‘ਚ ਇਕੱਠੇ ਕੀਤੇ 1,830.52 ਕਰੋੜ ਰੁਪਏ ਦੇ ਮੁਕਾਬਲੇ 2,008.58 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਨੇ ਚਾਲੂ ਵਿੱਤੀ ਸਾਲ ‘ਚ ਜਨਵਰੀ ਤੱਕ 8,588.31 ਕਰੋੜ ਰੁਪਏ ਇਕੱਠੇ ਕੀਤੇ ਹਨ, ਜਦੋਂ ਕਿ ਵਿੱਤੀ ਸਾਲ 2023-24 ‘ਚ ਇਸੇ ਸਮੇਂ ਦੌਰਾਨ 7,446.46 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ, ਜਿਸਦੇ ਨਤੀਜੇ ਵਜੋਂ 1,141.85 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਜਨਵਰੀ 2025 ‘ਚ ਆਬਕਾਰੀ ਵਿਕਾਸ ਦਰ 15.91% ਰਹੀ, ਜਿਸ ਕਾਰਨ ਜਨਵਰੀ 2024 ‘ਚ ਪ੍ਰਾਪਤ 770.45 ਕਰੋੜ ਰੁਪਏ ਦੇ ਮੁਕਾਬਲੇ ਜਨਵਰੀ 2025 ‘ਚ 893.04 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ। ਪੰਜਾਬ ਵਿੱਤ ਮੰਤਰੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ‘ਚ ਜਨਵਰੀ ਤੱਕ ਨੈੱਟ ਜੀਐਸਟੀ, ਐਕਸਾਈਜ਼, ਵੈਟ, ਸੀਐਸਟੀ ਅਤੇ ਪੀਐਸਡੀਟੀ ਤੋਂ ਕੁੱਲ ਮਾਲੀਆ 34,704.4 ਕਰੋੜ ਰੁਪਏ ਹੈ, ਜਦੋਂ ਕਿ ਵਿੱਤੀ ਸਾਲ 2023-24 ‘ਚ ਇਸੇ ਸਮੇਂ ਦੌਰਾਨ 31,078.94 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਜਿਸਦੇ ਨਤੀਜੇ ਵਜੋਂ ਕੁੱਲ 3,625.46 ਕਰੋੜ ਰੁਪਏ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ । ਜਨਵਰੀ 2025 ‘ਚ ਇਹਨਾਂ ਟੈਕਸਾਂ ਤੋਂ ਕੁੱਲ ਪ੍ਰਾਪਤੀਆਂ ‘ਚ ਜਨਵਰੀ 2024 ਦੇ ਮੁਕਾਬਲੇ 12.48% ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਜਨਵਰੀ 2025 ‘ਚ ਕੁੱਲ ਟੈਕਸ ਮਾਲੀਆ 3,545.09 ਕਰੋੜ ਰੁਪਏ ਹੋਇਆ, ਜਦੋਂ ਕਿ ਜਨਵਰੀ 2024 ‘ਚ ਇਹ 3,151.63 ਕਰੋੜ ਰੁਪਏ ਸੀ।