ਚੰਡੀਗੜ੍ਹ : ਊਰਜਾ ਦੀ ਬੱਚਤ ਅਤੇ ਵਾਤਾਵਰਣ ਵਿਗਾੜ ਦੀ ਸਮੱਸਿਆ ਨਾਲ ਨਜਿੱਠਣ ਲਈ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਲਈ ਊਰਜਾ ਦੀ ਸੁਚੱਜੀ ਵਰਤੋਂ ਵਾਲੇ ਪੰਪਸੈੱਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਅਤੇ ਅਟਾਰੀ ਬਲਾਕ ਦੇ 23 ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ ਬੀ.ਈ.ਈ. ਸਟਾਰ ਲੇਬਲ ਵਾਲੇ ਊਰਜਾ ਕੁਸ਼ਲ ਪੰਪਸੈੱਟ ਲਗਾਏ ਜਾਣਗੇ। ਅਮਨ ਅਰੋੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਊਰਜਾ ਬਚਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨਾ ਅਤੇ ਚੁਣੇ ਗਏ ਪਿੰਡਾਂ ਦੇ ਵਾਟਰ ਸਪਲਾਈ ਪੰਪਿੰਗ ਸਿਸਟਮ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ ਅਨੁਸਾਰ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਮੌਜੂਦਾ ਪੁਰਾਣੇ ਪੰਪਸੈਟਾਂ ਨੂੰ ਊਰਜਾ ਬਚਾਉਣ ਵਾਲੇ ਪੰਪਸੈੱਟਾਂ ਨਾਲ ਬਦਲ ਕੇ 20-25 ਫ਼ੀਸਦੀ ਊਰਜਾ ਦੀ ਬੱਚਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਜੋ ਕਿ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਨੋਡਲ ਏਜੰਸੀ ਹੈ, ਵੱਲੋਂ ਅੰਮ੍ਰਿਤਸਰ ਦੇ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਪੰਪਿੰਗ ਸਿਸਟਮ ਲਈ ਬੀ.ਈ.ਈ. ਸਟਾਰ ਲੇਬਲ ਵਾਲੇ ਊਰਜਾ ਕੁਸ਼ਲ ਪੰਪਸੈੱਟਾਂ ਦੀ ਸਪਲਾਈ, ਸਥਾਪਨਾ, ਟੈਸਟਿੰਗ ਅਤੇ ਕਾਰਜਸ਼ੀਲਤਾ ਲਈ ਈ-ਟੈਂਡਰ ਕੱਢੇ ਗਏ ਹਨ। ਉਨ੍ਹਾਂ ਕਿਹਾ ਕਿ ਇਛੁੱਕ ਕੰਪਨੀਆਂ ਹੋਰ ਜਾਣਕਾਰੀ ਲਈ ਵੈੱਬਸਾਈਟ eproc.punjab.gov.in 'ਤੇ ਲਾਗਇਨ ਕਰ ਸਕਦੀਆਂ ਹਨ। ਇਸ ਈ-ਟੈਂਡਰ ਦੀ ਆਖ਼ਰੀ ਮਿਤੀ 20 ਅਕਤੂਬਰ, 2022 (ਸ਼ਾਮ 3 ਵਜੇ ਤੱਕ) ਹੈ।