ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ  ਦਾ ਐਲਾਨ 

ਚੰਡੀਗੜ੍ਹ, 9 ਦਸੰਬਰ 2024 : ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਧਦੀ ਠੰਡ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਰਹਿਣਗੀਆਂ। ਇਸ ਸਬੰਧੀ ਸਕੂਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਮੁਤਾਬਕ 10 ਦਸੰਬਰ ਤੱਕ ਉੱਚੇ ਇਲਾਕਿਆਂ 'ਚ ਬਰਫਬਾਰੀ ਅਤੇ ਮੀਂਹ ਪਵੇਗਾ। ਇਸ ਮਗਰੋਂ ਮੈਦਾਨੀ ਇਲਾਕਿਆਂ ਵਿਚ ਠੰਡ ਹੋਰ ਜ਼ੋਰ ਫੜ ਸਕਦੀ ਹੈ। ਪਹਾੜਾਂ ਵਿਚ ਹੋ ਰਹੀ ਬਰਫਬਾਰੀ ਕਾਰਣ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਸੀ। ਬੀਤੇ ਦਿਨੀਂ ਵੀ ਤਾਪਮਾਨ ਵਿਚ ਲਗਾਤਾਰ ਗਿਰਾਵਟ ਆਈ। ਪੰਜਾਬ ਦੇ ਤਾਪਮਾਨ ਵਿਚ 1.6 ਡਿਗਰੀ ਤੇ ਚੰਡੀਗੜ੍ਹ ਵਿਚ 2.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਵਧੇਗੀ। ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਵੇਲੇ ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਹੋ ਰਹੀ ਹੈ। ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਨਾਲ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਡਿੱਗਣ ਵਾਲਾ ਹੈ। ਵਿਭਾਗ ਦੀ ਮੰਨੀਏ ਤਾਂ 11 ਦਸੰਬਰ ਤੋਂ ਸੂਬੇ ਵਿਚ ਠੰਡ ਹੋਰ ਵੱਧ ਸਕਦੀ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 11 ਦਸੰਬਰ ਤੋਂ ਬਾਅਦ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।