ਅੰਮ੍ਰਿਤਸਰ ਹਵਾਈ ਅੱਡੇ ’ਤੇ ਬਜ਼ੁਰਗ ਕੋਲੋਂ 50 ਲੱਖ ਦਾ ਸੋਨਾ ਹੋਇਆ ਬਰਾਮਦ 

ਅੰਮ੍ਰਿਤਸਰ, 20 ਜੁਲਾਈ 2024 : ਇਟਲੀ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਬਜ਼ੁਰਗ ਕੋਲੋਂ 50 ਲੱਖ ਦਾ ਸੋਨਾ ਬਰਾਮਦ ਹੋਇਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਬਜ਼ੁਰਗ ਮਹਿਲਾ ਯਾਤਰੀ ਦੀ ਸ਼ੱਕ ਪੈਣ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸਾਢੇ ਛੇ ਸੌ ਗਰਾਮ ਤੋਂ ਵੱਧ ਸੋਨਾ ਬਰਾਮਦ ਕੀਤਾ ਜਿਸ ਦੀ ਕੀਮਤ 50 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਵਲੋਂ ਸੋਨੇ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਯਾਤਰੀ ’ਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਵਾਈ ਅੱਡੇ ਤੇ ਮੌਜੂਦ ਕਮਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨੀਓਸ ਦੀ ਫਲਾਈਟ ਨੰਬਰ NO534 ਦੇਰ ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ ਸੀ। ਕਸਟਮ ਕਲੀਅਰੈਂਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ। ਉਸ ਦੇ ਬੈਗ ਵਿੱਚੋਂ ਸੋਨੇ ਦੀਆਂ ਚਾਰ ਚੂੜੀਆਂ ਬਰਾਮਦ ਹੋਈਆਂ। ਜਿਸ ਮਗਰੋਂ ਯਾਤਰੀ ਤੋਂ ਪੁੱਛਗਿਛ ਕੀਤੀ ਗਈ। ਜਾਂਚ ਦੌਰਾਨ ਯਾਤਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਕਸਟਮ ਨੇ ਸੋਨਾ ਜ਼ਬਤ ਕਰ ਲਿਆ ਹੈ। ਕਸਟਮ ਵਿਭਾਗ ਅਨੁਸਾਰ ਮੁਲਜ਼ਮ 24 ਕੈਰੇਟ ਕੱਚਾ ਸੋਨਾ 4 ਚੂੜੀਆਂ ਵਿੱਚ ਬਦਲ ਕੇ ਲਿਆਏ ਸਨ। ਜਦੋਂ ਕਸਟਮ ਦੁਆਰਾ ਚੂੜੀਆਂ ਦਾ ਵਜ਼ਨ ਕੀਤਾ ਗਿਆ ਤਾਂ ਉਨ੍ਹਾਂ ਦਾ ਭਾਰ 672 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕੀਤਾ ਗਿਆ, ਜੋ ਕਿ ਲਗਭਗ 49,92,960/- ਰੁਪਏ ਬਣਦਾ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਅਜੇ ਜਾਰੀ ਹੈ।