
ਚੰਡੀਗੜ੍ਹ, 23 ਦਸੰਬਰ 2024 : ਮੌਸਮ ਵਿਭਾਗ ਦੇ ਅਲਰਟ ਅਨੁਸਾਰ ਬੀਤੀ ਰਾਤ ਤੌ ਸ਼ੁਰੂ ਹੋਏ ਮੀਂਹ ਕਾਰਨ ਤਾਪਮਾਨ 5 ਡਿਗਰੀ ਦੇ ਕਰੀਬ ਹੇਠਾਂ ਆਇਆ ਹੈ, ਜਿਸ ਕਾਰਨ ਠੰਢ ਵਧ ਗਈ। ਸਵੇਰ ਦੀ ਬਾਰਸ਼ ਦੌਰਾਨ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਆਪਣੇ ਦਫ਼ਤਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ 23 ਦਸੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹਾ ਵੀ ਸ਼ਾਮਲ ਸੀ। ਜਿਸ ਤਹਿਤ ਕਰੀਬ ਚਾਰ ਦਿਨਾਂ ਤੱਕ ਸੜਕਾਂ 'ਤੇ ਧੁੰਦ ਦੀ ਚਿੱਟੀ ਚਾਦਰ ਛਾਈ ਰਹੀ ਪਰ ਐਤਵਾਰ ਦੇਰ ਸ਼ਾਮ ਤੋਂ ਅਚਾਨਕ ਆਸਮਾਨ 'ਤੇ ਬੱਦਲ ਛਾਏ ਰਹੇ ਅਤੇ ਤੇਜ਼ ਹਵਾਵਾਂ ਚੱਲੀਆਂ। ਜਦੋਂਕਿ ਰਾਤ ਕਰੀਬ 11 ਵਜੇ ਬਾਰਿਸ਼ ਸ਼ੁਰੂ ਹੋ ਗਈ, ਜੋ ਰਾਤ ਭਰ ਰੁਕ-ਰੁਕ ਕੇ ਜਾਰੀ ਰਹੀ। ਹਾਲਾਂਕਿ ਸਵੇਰੇ 3 ਵਜੇ ਤੋਂ ਸਵੇਰੇ 6 ਵਜੇ ਤੱਕ ਮੀਂਹ ਰੁਕ ਗਿਆ ਪਰ 7 ਵਜੇ ਤੋਂ ਬਾਅਦ ਹੌਲੀ-ਹੌਲੀ ਬਾਰਿਸ਼ ਪੈਣੀ ਸ਼ੁਰੂ ਹੋ ਗਈ ਜੋ ਕਾਫੀ ਦੇਰ ਤੱਕ ਜਾਰੀ ਰਹੀ, ਜਿਸ ਕਾਰਨ ਦਿਨ ਵੇਲੇ ਵੱਧ ਤੋਂ ਵੱਧ 18 ਡਿਗਰੀ ਰਹਿਣ ਵਾਲਾ ਪਾਰਾ 5 ਡਿਗਰੀ ਘੱਟ ਕੇ 13 ਡਿਗਰੀ 'ਤੇ ਆ ਗਿਆ ਹੈ, ਜਦਕਿ ਮੌਸਮ ਵਿਭਾਗ ਨੇ ਦੁਪਹਿਰ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਠੰਢ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।