ਦੁਸਹਿਰਾ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਡਾ. ਗੁਰਪ੍ਰੀਤ ਕੌਰ

ਦੁਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ ਤਿਆਗਣ ਦੀ ਪ੍ਰੇਰਨਾ ਦਿੰਦਾ ਹੈ : ਡਾ. ਗੁਰਪ੍ਰੀਤ ਕੌਰ

ਦੋਰਾਹਾ
:  " ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵੱਲੋਂ ਪੁਰਾਣੀ ਅਨਾਜ ਮੰਡੀ ਦੋਰਾਹਾ ਵਿੱਚ ਮਨਾਏ ਗਏ ਦੁਸਹਿਰਾ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਸਿ਼ਰਕਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੀ ਸ਼ਾਮਲ ਸਨ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਦਾ ਇਤਿਹਾਸ ਭਗਵਾਨ ਰਾਮ ਜੀ ਨਾਲ ਜੁੜਿਆ ਹੋਇਆ ਹੈ, ਕਿਉਂਕਿ ਭਗਵਾਨ ਰਾਮ ਜੀ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਦੁਸਹਿਰੇ ਦੇ ਤਿਉਹਾਰ ਨੂੰ ਬੁਰਾਈ ਦੇ ਉੱਤੇ ਸਚਾਈ ਦੀ ਜਿੱਤ ਦੇ ਰੂਪ ਵੱਜੋਂ ਵੀ ਦੇਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਰਾਵਣ ਆਦਿ ਦੇ ਪੁਤਲੇ ਸਾੜਨ ਦੇ ਨਾਲ-ਨਾਲ ਆਪਣੇ ਅੰਦਰ ਬੈਠੀ ਬੁਰਾਈ ਦਾ ਅੰਤ ਕਰਨ ਦੀ ਕੋਸਿ਼ਸ਼ ਕਰੀਏ ਕਿਉਂਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ ਤਿਆਗਣ ਦੀ ਪ੍ਰੇਰਨਾ ਵੀ ਦਿੰਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਭਗਵਾਨ ਰਾਮ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰੀਏ ਤੇ ਬਿਨਾਂ ਕਿਸੇ ਵੈਰ ਵਿਰੋਧ ਤੋਂ ਸਮਾਜ ਦਾ ਭਲਾ ਕਰਨ ਦਾ ਅਹਿਦ ਕਰੀਏ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਦੇਸ਼ ਤਿਉਂਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਇਹਨਾਂ ਦਾ ਸਬੰਧ ਸਾਡੇ ਧਾਰਮਿਕ, ਇਤਿਹਾਸਕ ਅਤੇ ਸਭਿਆਚਾਰਕ ਵਿਰਸੇ ਨਾਲ ਹੈ। ਉਹਨਾਂ ਕਿਹਾ ਸੱਚ ਭਾਵੇ ਕਿੰਨਾਂ ਵੀ ਕੌੜਾ ਕਿਉਂ ਨਾ ਹੋਵੇ ਇਸ ਦਾ ਹਮੇਸ਼ਾਂ ਪਾਲਣ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਸਦੀਂਵੀ ਸੱਚ ਹੈ ਕਿ ਚੰਗੇ ਕੰਮ ਹਮੇਸ਼ਾਂ ਜਿੱਤ ਦੇ ਹਨ। ਇਸੇ ਕਰਕੇ ਦੁਸਹਿਰੇ ਦਾ ਤਿਉਹਾਰ ਬੁਰਾਈ ਦੇ ਅੰਤ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਝੂਠ ਉੱਤੇ ਸੱਚ ਦੀ ਜਿੱਤ, ਅਨਿਆਂ ਉੱਤੇ ਨਿਆਂ ਦੀ ਜਿੱਤ, ਅਧਰਮ ਉੱਤੇ ਧਾਰਮਿਕਤਾਂ ਦੀ ਜਿੱਤ, ਗਲਤ ਕੰਮਾਂ ਉੱਤੇ ਚੰਗੇ ਕੰਮਾਂ ਦੀ ਜਿੱਤ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਵੀ ਪੇ੍ਰਰਿਤ ਕਰਦਾ ਹੈ। ਉਹਨਾਂ ਕਿਹਾ ਦੁਸਹਿਰਾ ਵਿਜੇਦਸ਼ਮੀ ਦਾ ਵੀ ਦੂਜਾ ਨਾਮ ਹੈ। ਉਹਨਾਂ ਕਿਹਾ ਕਿ ਸਾਨੂੰ ਦੁਸਹਿਰੇ ਦਾ ਤਿਉਹਾਰ ਬੁਰਾਈਆਂ ਤਿਆਗ ਕੇ ਆਪਸ ਵਿੱਚ ਮਿਲ ਕੇ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਪ੍ਰੇਰਨਾ ਵੀ ਦਿੰਦਾ ਹੈ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਸਾਡਾ ਪੰਜਾਬ ਪੁਰਾਣਾ ਰੰਗਲਾ ਪੰਜਾਬ ਬਣੇ ਜਿੱਥੇ ਸਾਰੇ ਲੋਕ ਇੱਕਠੇ ਹੋ ਕੇ ਇਹਨਾਂ ਤਿਉਂਹਾਰਾਂ ਅਤੇ ਮੇਲਿਆਂ ਆਦਿ ਵਿੱਚ ਆ ਕੇ ਆਪਣੀਆਂ ਖੁਸ਼ੀਆਂ ਮਨਾਉਣ ਜਿਸ ਨਾਲ ਸਾਡੇ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਹੋਰ ਵੀ ਵਧੇਗੀ। ਅੰਤ ਵਿੱਚ ਉਹਨਾਂ ਨੇ ਇਸ ਦੁਸਹਿਰੇ ਸਮਾਗਮ ਵਿੱਚ ਇੱਕਠੇ ਹੋਏ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਸਾੜਨ ਲਈ ਬਟਨ ਦਬਾ ਕੇ ਅਗਨੀ ਵੀ ਦਿੱਤੀ ਅਤੇ ਦ੍ਰਿਸ਼ ਵੀ ਵੇਖਿਆ। ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਡਾ. ਗੁਰਪ੍ਰੀਤ ਕੌਰ ਨੂੰ ਦੋਰਾਹਾ ਦੁਸਹਿਰਾ ਸਮਾਗਮ ਵਿੱਚ ਪੁੱਜਣ ਤੇ ਜੀ ਆਇਆ ਕਿਹਾ ਗਿਆ ਅਤੇ ਉਹਨਾਂ ਦਾ ਵੱਖ-ਵੱਖ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਖੰਨਾ ਸ੍ਰੀ ਦਾਮਿਆ ਹਰੀਸ਼ ਕੁਮਾਰ ਓਮ ਪ੍ਰਕਾਸ਼, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਸ, ਉਪ ਮੰਡਲ ਮੈਜਿਸਟੇ੍ਰਟ ਸ੍ਰੀਮਤੀ ਜਸਲੀਨ ਕੌਰ ਭੁੱਲਰ, ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ, ਪ੍ਰਧਾਨ ਸ੍ਰੀ ਮੋਹਣ ਲਾਲ ਪਾਂਡੇ, ਚੇਅਰਮੈਨ ਸ੍ਰੀ ਚੰਦਰ ਸ਼ੇਖਰ, ਸਰਪ੍ਰਸਤ ਬੋਬੀ ਤਿਵਾੜੀ, ਸਰਪ੍ਰਸਤ ਓਮ ਪ੍ਰਕਾਸ਼ ਭਨੋਟ, ਸਰਪ੍ਰਸਤ ਰਜਨੀਸ਼ ਭੱਲਾ ਤੋਂ ਇਲਾਵਾ ਕਲੱਬ ਦੇ ਵੱਖ-ਵੱਖ ਪ੍ਰਮੁੱਖ ਆਗੂ ਹਾਜ਼ਰ ਸਨ।