
ਤਰਨਤਰਨ, 2 ਫਰਵਰੀ 2025 : ਅੰਮ੍ਰਿਤਸਰ-ਖੇਮਕਰਨ ਸੜਕ 'ਤੇ ਕਾਰ ਅਤੇ ਬੱਸ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ ਇਕ ਲੜਕੇ ਸਮੇਤ ਦੋ ਔਰਤਾਂ ਦੀ ਮੌਤ ਹੋਣ ਦੀ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਪਤਾ ਲੱਗਾ ਹੈ ਕਿ ਨਜ਼ਦੀਕੀ ਪਿੰਡ ਦੂਹਲ ਕੋਹਨਾ ਵਾਸੀ ਇਕ ਲੜਕਾ ਵੀਰਪਾਲ ਸਿੰਘ ਪੁੱਤਰ ਤੀਰਥ ਸਿੰਘ ਅੱਜ ਸਵੇਰੇ ਆਪਣੀ ਮਾਤਾ ਸਕਬੀਰ ਕੌਰ ਤੇ ਨਜ਼ਦੀਕੀ ਪਿੰਡ ਚੀਮਾ ਖ਼ੁਰਦ ਵਾਸੀ ਇਕ ਹੋਰ ਰਿਸ਼ਤੇਦਾਰ ਔਰਤ ਸਮੇਤ ਮਰੂਤੀ ਕਾਰ 'ਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਿੰਡ ਪਹੂਵਿੰਡ ਵਿਖੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਕਿ ਭਾਰੀ ਧੁੰਦ ਕਾਰਨ ਖੇਮਕਰਨ ਤੋਂ ਅੰਮ੍ਰਿਤਸਰ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ। ਦੁਰਘਟਨਾ ਇੰਨੀ ਜ਼ਬਰਦਸਤ ਸੀ ਕਿ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਕਾਰ ਚਾਲਕ ਲੜਕੇ ਦੀ ਹਸਪਤਾਲ ਲਿਜਾਂਦੇ ਸਮੇ ਮੌਤ ਹੋ ਗਈ। ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਕਨੂੰਨੀ ਕਾਰਵਾਈ ਜਾਰੀ ਹੈ, ਜਿਸ ਉਪਰੰਤ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ।