
ਅੰਮ੍ਰਿਤਸਰ, 24 ਫਰਵਰੀ 2025 : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਯੋਜਨਾ ਦੀ 19ਵੀਂ ਕਿਸ਼ਤ ਯੋਗ ਕਿਸਾਨ ਪਰਿਵਾਰਾਂ ਨੂੰ ਜਾਰੀ ਹੋ ਗਈ ਹੈ। ਹੁਣ ਤੱਕ 11 ਕਰੋੜ ਤੋਂ ਵੱਧ ਕਿਸਾਨ 18 ਕਿਸ਼ਤਾਂ ਰਾਹੀਂ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਪਿਛਲੀ ਕਿਸ਼ਤ ਵਿੱਚ ਕੁੱਲ 9.58 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ ਹੈ। ਉੱਥੇ ਹੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨ ਦੇ ਸਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਿਸਾਨਾਂ ਦੀ ਭਲਾਈ ਹੈ। ਕਿਸਾਨ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਹ ਸਾਡੀ ਧਰਤੀ ਦੇ ਰਖਵਾਲੇ ਹਨ ਅਤੇ ਸਾਡੀ ਭੋਜਨ ਸੁਰੱਖਿਆ ਦੇ ਸਰਪਰਸਤ ਹਨ। ਉਨ੍ਹਾਂ ਕਿਹਾ ਸਾਡੇ ਕਿਸਾਨ ਹੁਣ ਊਰਜਾ ਉਤਪਾਦਕ ਬਣ ਗਏ ਹਨ। ਪਹਿਲਾਂ ਕੁੱਲ ਐੱਥਨੋਲ ਬਲੈਂਡਿੰਗ 1.5% ਸੀ, ਪਰ ਹੁਣ ਇਹ 19.6% 'ਤੇ ਪਹੁੰਚ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ 90,000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇਸ਼ ਭਰ ਵਿੱਚ ਐੱਥਨੋਲ ਬਲੈਂਡਿੰਗ ਨੂੰ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਪਿਛਲੇ ਤਿੰਨ ਸਾਲਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਕੇਂਦਰੀ ਮੰਤਰੀ ਨੇ ਕਿਹਾ, "ਦੇਸ਼ ਦੇ 11 ਕਰੋੜ ਤੋਂ ਵੱਧ ਕਿਸਾਨਾਂ ਨੂੰ 18 ਕਿਸ਼ਤਾਂ ਰਾਹੀਂ 3.45 ਲੱਖ ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। 19ਵੀਂ ਕਿਸ਼ਤ ਜਾਰੀ ਹੋਣ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 3.68 ਲੱਖ ਕਰੋੜ ਰੁਪਏ ਪਹੁੰਚ ਜਾਣਗੇ। 19ਵੀਂ ਕਿਸ਼ਤ ਜਾਰੀ ਹੋਣ ਨਾਲ ਦੇਸ਼ ਭਰ ਵਿੱਚ 2.41 ਮਹਿਲਾ ਕਿਸਾਨਾਂ ਸਣੇ 9.8 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ। ਕੇਂਦਰੀ ਮੰਤਰੀ ਨੇ ਸਟੇਜ 'ਤੇ ਕਿਸਾਨਾਂ ਹੋਰ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ। ਕੇਂਦਰੀ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਤੇ ਕਿਹਾ ਕਿ ਚੋਣਾਂ ਚ ਨਸ਼ਾ ਖਤਮ ਕਰਨ ਬੀਬੀਆਂ ਦੇ ਖਾਤੇ ਚ 1000 ਰੁਪਏ ਮਹੀਨਾ ਪਾਉਣ ਸਮੇਤ ਕੀਤੇ ਅਨੇਕਾਂ ਵਾਅਦੇ ਪੂਰੇ ਨਹੀਂ ਕੀਤੇ ਗਏ ਉਨ੍ਹਾਂ ਕਿਹਾ ਕਿ ਦਿੱਲੀ ਚ ਹੁਣ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੀ ਰਾਸ਼ੀ 5 ਤੋਂ ਵਧਾ ਕੇ 10 ਲੱਖ ਕੀਤੀ ਜਾਵੇਗੀ। ਉਨ੍ਹਾਂ ਦਿੱਲੀ ਦੇ ਮੁਹੱਲਾ ਕਲੀਨੀਕਾਂ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਐਲਾਨ ਕੀਤਾ। ਇਹ ਯੋਜਨਾ 24 ਫਰਵਰੀ 2019 ਨੂੰ ਪੀਐਮ ਮੋਦੀ ਦੁਆਰਾ ਲਾਂਚ ਕੀਤੀ ਗਈ ਸੀ। ਇਸ ਸਕੀਮ ਤਹਿਤ ਕਿਸਾਨਾਂ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਸਰਕਾਰ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੰਦੀ ਹੈ। ਇਹ ਰਕਮ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ।