ਅੰਮ੍ਰਿਤਸਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਡੇ ਨੈਟਵਰਕ ਦਾ ਕੀਤਾ ਪਰਦਾਫਾਸ਼, ਤਿੰਨ ਕਾਬੂ

  • ਪੁਲਿਸ ਟੀਮਾਂ ਨੇ 1 ਕਿਲੋ ਆਈਸ ਡਰੱਗ, 2.45 ਕਿਲੋ ਹੈਰੋਇਨ ਅਤੇ 520 ਗ੍ਰਾਮ ਪ੍ਰੀਕਰਸਰ ਕੈਮੀਕਲ ਸੂਡੋਫੈਡਰਾਈਨ ਵੀ ਕੀਤੀ ਬਰਾਮਦ
  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਸਪਲਾਈ ਚੇਨ ਨੂੰ ਤੋੜਨ ਵਿੱਚ ਸਫ਼ਲਤਾ ਦੇ ਰਾਹ ’ਤੇ ; ਤਸਕਰਾਂ ਨੂੰ ਅਖ਼ਤਿਆਰ ਕਰਨਾ ਪੈ ਰਿਹਾ ਹੈ ਹੁਣ ਸਿੰਥੈਟਿਕ ਡਰੱਗਜ਼
  • ਗ੍ਰਿਫਤਾਰ ਕੀਤਾ ਗੁਰਬਖਸ਼ ਲਾਲਾ ਕੱਚੇ ਹੈਰੋਇਨ ’ਚ ਮਿਲਾਵਟ ਕਰਨ ਅਤੇ ਆਈਸ ਡਰੱਗ ਬਣਾਉਣ ਲਈ ਕਰਦਾ ਸੀ ਪ੍ਰੀਕਰਸਰ ਕੈਮੀਕਲ ਇਸਤੇਮਾਲ : ਡੀਜੀਪੀ ਗੌਰਵ ਯਾਦਵ
  • ਦੋਸ਼ੀ ਗੁਰਬਖਸ਼ ਉਰਫ਼ ਲਾਲਾ ਅੰਮ੍ਰਿਤਸਰ ਕੇਂਦਰੀ ਜੇਲ ਦੀ ‘ਫੈਂਕਾ ’ ਗਤੀਵਿਧੀ ਵਿੱਚ ਵੀ ਸੀ ਸ਼ਾਮਲ : ਕਮਿਸ਼ਨਰ ਪੁਲਿਸ ਅੰਮ੍ਰਿਤਸਰ  ਰਣਜੀਤ ਸਿੰਘ ਢਿੱਲੋਂ

ਚੰਡੀਗੜ੍ਹ/ਅੰਮ੍ਰਿਤਸਰ, 20 ਜੁਲਾਈ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੀ ਇੱਕ ਵੱਡੀ ਮੱਛੀ ਗੁਰਬਖਸ਼ ਉਰਫ਼ ਲਾਲਾ ਵਾਸੀ ਛੇਹਰਟਾ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ 1 ਕਿਲੋ ਆਈਸ (ਮੇਥਾਮਫੇਟਾਮਾਈਨ), 2.45 ਕਿਲੋ ਹੈਰੋਇਨ ਅਤੇ 520 ਗ੍ਰਾਮ ਸੂਡੋਫੈਡਰਾਈਨ (ਪ੍ਰੀਕਰਸਰ ਕੈਮੀਕਲ ) ਸਣੇ ਕਾਬੂ ਕੀਤਾ ਹੈ । ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ  ਕਿ ਨਸ਼ਾ ਤਸਕਰ ਗੁਰਬਖਸ਼ ਉਰਫ਼ ਲਾਲਾ ਸਰਗਰਮੀ ਨਾਲ ਪ੍ਰੀਕਰਸਰ ਕੈਮੀਕਲ ਦੀ ਸਪਲਾਈ ਕਰਦਾ ਸੀ। ਦੱਸਣਯੋਗ ਹੈ ਕਿ ਇਸ ਰਸਾਇਣ(ਸੂਡੋਫੈਡਰਾਈਨ) ਦੀ ਵਰਤੋਂ ਕਰੂਡ ਹੈਰੋਇਨ ਵਿੱਚ ਮਿਲਾਵਟ ਕਰਨ ਲਈ ਕੀਤੀ ਜਾਂਦੀ ਹੈ ਤਾਂ ਜੋ ਇਸ ਦੇ ਅਸਰ ਨੂੰ ਹੋਰ ਵਧਾਇਆ ਜਾ ਸਕੇ ਅਤੇ ਇਸ ਦਾ ਇਸਤੇਮਾਲ ਕ੍ਰਿਸਟਲ ਮੇਥਾਮਫੇਟਾਮਾਈਨ (ਆਈਸੀਈ) ਤਿਆਰ ਕਰਨ ਲਈ  ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ  ਦੋਸ਼ੀ ਲਾਲਾ ਪ੍ਰਤੀ ਖੇਪ 50,000 ਰੁਪਏ ਜੁਟਾ ਲੈਂਦਾ ਸੀ । ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਨਿਰੰਤਰ ਲੜਾਈ, ਜਿਸ ਦੇ ਸਿੱਟੇ ਵਜੋਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਠੱਲ੍ਹ ਪੈ ਰਹੀ ਹੈ, ਕਾਰਨ ਤਸਕਰ ਹੁਣ ਆਈਸ ਵਰਗੇ ਸਿੰਥੈਟਿਕ ਡਰੱਗਜ਼ ਤਿਆਰ ਕਰਨ ਲਈ ਸੂਡੋਫੈਡਰਾਈਨ-ਪ੍ਰੀਕਰਸਰ ਕੈਮੀਕਲ ਦਾ ਸਹਾਰਾ ਲੈਣ ਲੱਗੇ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਨੇ ਵੀ ਅਫੀਮ ਦੇ ਉਤਪਾਦਨ ’ਤੇ  ਪਾਬੰਦੀ ਲਗਾ ਦਿੱਤੀ ਹੈ ਜਿਸਦੇ ਨਤੀਜੇ ਵਜੋਂ  ਹੈਰੋਇਨ ਦੀ ਸਪਲਾਈ ਵਿੱਚ ਕਮੀ ਆਈ ਹੈ। ਵੱਡੀ ਮੱਛੀ ਗੁਰਬਖਸ਼ ਉਰਫ ਲਾਲਾ ਤੋਂ ਇਲਾਵਾ ਫੜੇ ਗਏ ਦੋ ਹੋਰ ਨਸ਼ਾ ਤਸਕਰਾਂ ਦੀ ਪਛਾਣ ਦਲਜੀਤ ਕੌਰ ਅਤੇ ਅਰਸ਼ਦੀਪ ਦੋਵੇਂ ਵਾਸੀ ਛੇਹਰਟਾ ਵਜੋਂ ਹੋਈ ਹੈ। ਦੋਸ਼ੀ ਗੁਰਬਖਸ਼ ਉਰਫ ਲਾਲਾ ਅਤੇ ਅਰਸ਼ਦੀਪ ਦੋਵੇਂ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ  ਜ਼ਮਾਨਤ ’ਤੇ ਬਾਹਰ ਹਨ। ਡੀਜੀਪੀ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮ ਗੁਰਬਖਸ਼ ਉਰਫ਼ ਲਾਲਾ ਦੇ ਪਿਛਲੇਰੇ ਸਬੰਧਾਂ ਦਾ ਵੀ ਪਤਾ ਲਗਾਇਆ ਹੈ ਅਤੇ ਪੁਲਿਸ ਟੀਮਾਂ ਇਸ ਨਾਰਕੋ-ਸਿੰਡੀਕੇਟ ਦੇ ਸਰਗਨਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੁਆਰਾ 16 ਜੂਨ, 2024 ਨੂੰ ਕੋਟ ਖਾਲਸਾ ਖੇਤਰ ਤੋਂ ਇੱਕ ਸਥਾਨਕ ਨਸ਼ਾ ਤਸਕਰ ਦਲਜੀਤ ਕੌਰ, ਜਿਸ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਦੀ ਗ੍ਰਿਫਤਾਰੀ ਲਈ ਕੀਤੀ  ਅਗਲੇਰੀਆਂ -ਪਿਛਲੇਰੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ । ਦਲਜੀਤ ਕੌਰ ਦੀ ਗ੍ਰਿਫਤਾਰੀ ਨੇ ਛੇਹਰਟਾ ਖੇਤਰ ਤੋਂ ਉਸਦੇ ਸਾਥੀ ਨਸ਼ਾ ਤਸਕਰ ਅਰਸ਼ਦੀਪ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਏ.ਡੀ.ਸੀ.ਪੀ ਜ਼ੋਨ 1 ਡਾ: ਦਰਪਣ ਆਹਲੂਵਾਲੀਆ ਅਤੇ ਏ.ਸੀ.ਪੀ. ਸੈਂਟਰਲ ਸੁਰਿੰਦਰ ਸਿੰਘ ਦੀ ਨਿਗਰਾਨੀ ਵਿੱਚ ਐਸ.ਆਈ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਕੀ ਅੰਨਗੜ੍ਹ ਦੀ ਵਿਸ਼ੇਸ਼ ਟੀਮ ਵੱਲੋਂ ਦੋਸ਼ੀ ਦਲਜੀਤ ਕੌਰ ਅਤੇ ਅਰਸ਼ਦੀਪ ਦੀ ਗ੍ਰਿਫਤਾਰੀ ਸਬੰਧੀ ਜਾਂਚ ਦੌਰਾਨ ਅਗਲੀਆਂ-ਪਿਛਲੀਆਂ ਕੜੀਆਂ ਦੀ ਛਾਣਬੀਣ ’ਤੇ ਗੁਰਬਖਸ਼ ਲਾਲਾ ਦੇ ਪਿਛੋਕੜ ਦਾ ਪਤਾ ਲੱਗਾ। ਉਨ੍ਹਾਂ  ਅੱਗੇ ਕਿਹਾ ਕਿ ਗੁਰਬਖ਼ਸ ਲਾਲਾ ਨੂੰ ਚਾਰ ਦਿਨਾਂ ਤੱਕ ਚੱਲੇ ਇੱਕ ਮੁਸਤੈਦ  ਆਪ੍ਰੇਸ਼ਨ ਵਿੱਚ 1 ਕਿਲੋ ਆਈਸ, 2 ਕਿਲੋ 200 ਗ੍ਰਾਮ ਹੈਰੋਇਨ ਅਤੇ 520 ਗ੍ਰਾਮ ਪ੍ਰੀਕਰਸਰ ਸੂਡੋਫੈਡਰਾਈਨ ਦੀ ਬਰਾਮਦਗੀ ਦੇ ਨਾਲ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਬਖਸ਼ ਉਰਫ਼ ਲਾਲਾ, ਜੋ ਕਿ ਕਤਲ, ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ‘ਫੈਂਕਾ’ ਗਤੀਵਿਧੀ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਉਸ ਦੇ ਕਬਜ਼ੇ ’ਚੋਂ ਪੈਕਟਾਂ ’ਚ ਲਪੇਟੀਆਂ ਕਈ ਬੀੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐਫਆਈਆਰ ਨੰਬਰ 115 ਮਿਤੀ 16/6/24 ਨੂੰ ਥਾਣਾ ਇਸਲਾਮਾਬਾਦ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਬੀ ਤਹਿਤ ਦਰਜ ਕੀਤਾ ਗਿਆ ਸੀ।