
ਅੰਮ੍ਰਿਤਸਰ, 5 ਫਰਵਰੀ 2025 : ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਇਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਅਮਰੀਕਾ ਦਾ ਫੌਜੀ ਜਹਾਜ਼ ਸੀ-17 ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ 104 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਹੈ। ਅਮਰੀਕਾ ਤੋਂ ਭਾਰਤ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ 104 ਹੈ। ਇਨ੍ਹਾਂ ਲੋਕਾਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਹਨ। ਇਸ ਸੂਚੀ ਵਿੱਚ ਪੰਜਾਬ ਦੇ ਕੁੱਲ 30 ਲੋਕ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਹਵਾਈ ਅੱਡੇ 'ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਵਿਚ ਉੱਤਰ ਪ੍ਰਦੇਸ਼ ਦੇ ਲੋਕ ਵੀ ਸ਼ਾਮਲ ਹਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀਆਂ ਨੂੰ ਪ੍ਰਾਪਤ ਕਰੇਗੀ ਅਤੇ ਹਵਾਈ ਅੱਡੇ 'ਤੇ ਕਾਊਂਟਰ ਸਥਾਪਤ ਕਰੇਗੀ।
ਭਾਰਤੀ ਦੂਤਘਰ ਵਲੋਂ ਡਿਪੋਰਟ ਕੀਤੇ ਗਏ ਲੋਕਾਂ ਦੀ ਲਿਸਟ ਜਾਰੀ
ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ 104 ਭਾਰਤੀ ਨਾਗਰਿਕ ਸ਼ਾਮਲ ਹਨ। ਇਸ ਲਿਸਟ ਅਨੁਸਾਰ ਗੁਜਰਾਤ ਦੇ 33, ਪੰਜਾਬ ਦੇ 30, ਚੰਡੀਗੜ੍ਹ 2, ਹਰਿਆਣਾ 33, ਮਹਾਰਾਸ਼ਟਰ ਤੋਂ 2, ਯੂ.ਪੀ ਤੋਂ 3 ਹਨ। ਜੇਕਰ ਪੰਜਾਬ ਨਾਲ ਸੰਬੰਧਿਤ 30 ਨਾਗਰਿਕਾਂ ਦੀ ਗੱਲ ਕਰੀਏ ਤਾਂ ਕਪੂਰਥਲਾ ਤੋਂ 6,ਅੰਮ੍ਰਿਤਸਰ 5, ਜਲੰਧਰ 4, ਪਟਿਆਲਾ 4, ਹੁਸ਼ਿਆਰਪੁਰ 2, ਲੁਧਿਆਣਾ 2, ਨਵਾਂਸ਼ਹਿਰ 2, ਗੁਰਦਾਸਪੁਰ 1, ਤਰਨਤਾਰਨ 1, ਸੰਗਰੂਰ 1, ਮੁਹਾਲੀ, 1 ਫ਼ਤਿਹਗੜ੍ਹ ਸਾਹਿਬ ਤੋਂ 1 ਨਾਗਰਿਕ ਸ਼ਾਮਲ ਹੈ।
ਡਿਪੋਰਟ ਕੀਤੇ ਲੋਕਾਂ ਦੇ ਪਿਛੋਕੜ ਦੀ ਕੀਤੀ ਜਾਵੇਗੀ ਜਾਂਚ
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਇਲਾਵਾ, ਉਨ੍ਹਾਂ ਦੇ ਪੂਰੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਦਾ ਅਪਰਾਧਿਕ ਰਿਕਾਰਡ ਹੈ, ਤਾਂ ਉਸਨੂੰ ਜੇਲ੍ਹ ਜਾਣਾ ਪਵੇਗਾ।