ਬਲਾਚੌਰ ਨੇੜੇ ਟਰੱਕ, ਕਾਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ‘ਚ 4 ਦੀ ਮੌਤ

ਬਲਾਚੌਰ, 09 ਅਪ੍ਰੈਲ : ਨਵਾਂਸ਼ਹਿਰ- ਬਲਾਚੌਰ ਨੈਸ਼ਨਲ ਹਾਈਵੇ ਤੇ ਇੱਕ ਟਰੱਕ, ਕਾਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ‘ਚ 4 ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਨਵਾਂ ਮਜਾਰਾ ‘ਚ ਟਰੱਕ, ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਵਾਪਰਿਆ, ਜਿਸ ‘ਚ ਇੱਕ ਔਰਤ ਅਤੇ ਤਿੰਨ ਵਿਅਕਤੀਆਂ ਸਮੇਤ 4 ਦੀ ਮੌਤ ਹੋ ਗਈ ਹੈ। ਘਟਨਾਂ ਦੀ ਸੂਚਨਾ ਮਿਲਦੇ ਮੌਕੇ ਤੇ ਪੁੱਜੀ ਪੁਲਿਸ ਚੌਂਕੀ ਜਾਡਲਾ ਦੇ ਇੰਚਾਰਜ ਸੁਭਾਸ਼ ਚੰਦਰ ਨੇ ਹਾਦਸੇ ਦਾ ਜਾਇਜਾ ਲਿਆ ਅਤੇ ਜਖ਼ਮੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਵਾਂ ਮਜ਼ਾਰਾ ਨਜਦੀਕ ਇੱਕ ਸੜਕ ਹਾਦਸਾ ਵਾਪਰ ਗਿਆ ਹੈ, ਜਦੋਂ ਉਹ ਮੌਕੇ ਤੇ ਪੁੱਜੇ ਤਾਂ ਪਤਾ ਲੱਗਾ ਕਿ ਕਾਰ ‘ਚ 1 ਵਿਅਕਤੀ ਤੇ 2 ਔਰਤਾਂ ਸਵਾਰ ਸਨ, ਜਦੋਂ ਕਿ ਮੋਟਰਸਾਈਕਲ ਤੇ 2 ਵਿਅਕਤੀ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ।