ਕੈਪਟਨ ਦੇ ਤਖਤਾਪਲਟ ਮਗਰੋਂ, ਕੀ ਸੇਫ ਰਹੇਗੀ ਵਿਨ੍ਹੀ ਮਹਾਜਨ ਤੇ ਦਿਨਕਰ ਗੁਪਤਾ ਦੀ ਕੁਰਸੀ?

ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਨਵੇਂ ਮੁੱਖ ਮੰਤਰੀ ਬਣ ਗਏ ਹਨ। ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਰੀਬੀ ਹਨ। ਹੁਣ ਪ੍ਰਸ਼ਾਸਕੀ ਗਲਿਆਰੇ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਸਭ ਤੋਂ ਸ਼ਕਤੀਸ਼ਾਲੀ ਅਫਸਰ ਜੋੜੇ ਦੀ ਕੁਰਸੀ ਬਚੇਗੀ ਜਾਂ ਨਹੀਂ?

ਮਤਲਬ ਪੰਜਾਬ ਦੇ ਮੁੱਖ ਸਕੱਤਰ ਵਿਨ੍ਹੀ ਮਹਾਜਨ ਤੇ ਉਨ੍ਹਾਂ ਦੇ ਪਤੀ ਡੀਜੀਪੀ ਦਿਨਕਰ ਗੁਪਤਾ ਨੂੰ ਭਾਰੀ ਵਿਰੋਧ ਦੇ ਬਾਵਜੂਦ, ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜਾਬ ਦੀਆਂ ਟੌਪ ਰੈਂਕਸ 'ਤੇ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਇਤਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਪੰਜਾਬ ਦੇ ਸਭ ਤੋਂ ਉੱਚ ਪੱਧਰ ਦੇ ਰੈਂਕਸ ਤੇ ਪਤੀ-ਪਤਨੀ ਦੀ ਨਿਯੁਕਤੀ ਕੀਤੀ ਗਈ ਹੋਵੇ।

ਸਾਬਕਾ IAS ਅਫ਼ਸਰ ਕੇਬੀਐਸ ਸਿੱਧੂ ਕਾਫੀ ਸੀਨੀਅਰ ਸਨ ਜਦੋਂ ਵਿਨ੍ਹੀ ਮਹਾਜਨ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ। ਇਸ ਦੇ ਨਾਲ ਹੀ DGP ਦਿਨਕਰ ਦੀ ਨਿਯੁਕਤੀ ਵੇਲੇ ਵੀ ਕਾਫੀ ਵਿਵਾਦ ਹੋਇਆ ਸੀ। ਦੋ ਸੀਨੀਅਰ ਅਫ਼ਸਰਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਮਾਮਲਾ ਅਦਾਲਤ ਤੱਕ ਪਹੁੰਚਿਆ। ਇਸ ਦੇ ਬਾਵਜੂਦ ਕੈਪਟਨ ਆਪਣੇ ਫੈਸਲੇ 'ਤੇ ਅੜੇ ਰਹੇ।ਦੋਵੇਂ ਮੀਆਂ-ਬੀਵੀ 1987 ਬੈਚ ਦੇ ਆਈਏਐਸ ਅਤੇ ਆਈਪੀਐਸ ਅਧਿਕਾਰੀ ਹਨ।

ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਅਫਸਰਸ਼ਾਹੀ ਵਿੱਚ ਫੇਰਬਦਲ ਤੈਅ ਮੰਨਿਆ ਜਾ ਰਿਹਾ ਹੈ। ਜਿਸਦਾ ਉਨ੍ਹਾਂ ਨੇ ਹੁਸਨ ਲਾਲ ਨੂੰ ਆਪਣਾ ਪ੍ਰਿੰਸੀਪਲ ਸੈਕਟਰੀ ਤੇ ਰਾਹੁਲ ਤਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬਣਾ ਕੇ ਸੰਕੇਤ ਦਿੱਤਾ।ਅਜਿਹੀ ਸਥਿਤੀ ਵਿੱਚ ਰਾਜ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਅਫ਼ਸਰਾਂ ਦੇ ਵੱਡੇ ਫੇਰਬਦਲ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਸ਼ੁਰੂਆਤ ਪੰਜਾਬ ਵਿੱਚ ਅਫ਼ਸਰਸ਼ਾਹੀ ਦੇ ਦੋ ਵੱਡੇ ਅਧਿਕਾਰੀਆਂ ਨਾਲ ਹੋ ਸਕਦੀ ਹੈ।

ਪੰਜਾਬ ਵਿੱਚ, ਮੁੱਖ ਸਕੱਤਰ ਜਾਂ ਡੀਜੀਪੀ ਦੇ ਕਿਸੇ ਇੱਕ ਅਹੁਦੇ ਤੇ ਹਮੇਸ਼ਾਂ ਇੱਕ ਸਿੱਖ ਚਿਹਰਾ ਹੁੰਦਾ ਹੈ।ਪਰ ਇਸ ਵਾਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਨੇ ਵਿਨ੍ਹੀ ਮਹਾਜਨ ਨੂੰ ਮੁੱਖ ਸਕੱਤਰ ਅਤੇ ਦਿਨਕਰ ਗੁਪਤਾ ਨੂੰ ਡੀਜੀਪੀ ਬਣਾਇਆ ਸੀ। ਦੋਵੇਂ ਹਿੰਦੂ ਚਿਹਰੇ ਹਨ। ਇਸ ਬਾਰੇ ਅੰਦਰੂਨੀ ਵਿਵਾਦ ਚੱਲ ਰਿਹਾ ਸੀ, ਪਰ ਕੈਪਟਨ ਨੇ ਕਿਸੇ ਦੀ ਨਹੀਂ ਸੁਣੀ।

 

IPS ਦਿਨਕਰ ਦੇ ਵਿਰੋਧੀ ਮੁਸਤਫਾ ਹੁਣ ਸਿੱਧੂ ਦੇ ਸਲਾਹਕਾਰ 
IPS ਦਿਨਕਰ ਗੁਪਤਾ ਨੂੰ ਡੀਜੀਪੀ ਬਣਾਉਣ ਦਾ ਸਭ ਤੋਂ ਵੱਡਾ ਵਿਰੋਧ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਕੀਤਾ ਸੀ। ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਕੈਪਟਨ ਦੇ ਮੰਤਰੀ ਮੰਡਲ ਵਿੱਚ ਮੰਤਰੀ ਸੀ। ਫਿਰ ਵੀ ਉਹ ਅਦਾਲਤ ਗਏ। ਦਿਲਚਸਪ ਗੱਲ ਇਹ ਹੈ ਕਿ ਮੁਸਤਫਾ ਹੁਣ ਸਿੱਧੂ ਦੇ ਰਣਨੀਤਕ ਸਲਾਹਕਾਰ ਹਨ। ਪੰਜਾਬ ਦੀ ਨਵੀਂ ਸਰਕਾਰ ਵਿੱਚ ਸਿੱਧੂ ਦਾ ਦਬਦਬਾ ਸਾਫ਼ ਨਜ਼ਰ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਹ ਸਪਸ਼ਟ ਹੈ ਕਿ ਪੰਜਾਬ ਵਿੱਚ ਕੈਪਟਨ ਦੀ ਤਖਤਾਪਲਟ ਤੋਂ ਬਾਅਦ ਕਈ ਅਫਸਰਾਂ ਦੀ ਕੁਰਸੀ ਵੀ ਜਾਣੀ ਤੈਅ ਹੈ।