ਸੁਖਬੀਰ ਬਾਦਲ ਦੀਆਂ ਪੰਥ ਤੇ ਪੰਜਾਬ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ `ਤੇ ਜਗਮੀਤ ਬਰਾੜ ਨੂੰ ਕੱਢਿਆ: ਤਲਵੰਡੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਬਾਦਲ ਦਲ ਵਿਚ ਜੋ ਵੀ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਹੈ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਅਤੇ ਜਗਮੀਤ ਸਿੰਘ ਬਰਾੜ ਨੂੰ ਵੀ ਇਸੇ ਕਾਰਨ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਚਹੇਤੇ ਪਾਰਟੀ ਨੂੰ ਇਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਚਲਾਉਣਾ ਚਾਹੁੰਦੇ ਹਨ ਅਤੇ ਉਹ ਨਹੀ ਚਾਹੁੰਦੇ ਕਿ ਅਕਾਲੀ ਦਲ ਵਿਚ ਏਕਤਾ ਹੋਵੇ। ਜਿਸ ਕਰਕੇ ਪਾਰਟੀ ਪ੍ਰਤੀ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਮੋਹ ਲਗਾਤਾਰ ਘੱਟਦਾ ਜਾ ਰਿਹਾ ਹੈ। ਤਲਵੰਡੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਬਾਦਲ ਦਲ ਦਾ ਅੰਤ ਨਜ਼ਦੀਕ ਆ ਗਿਆ ਹੈ ਅਤੇ ਉਹ ਸਮਾਂ ਦੂਰ ਨਹੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੀਆਂ ਅਪਹੁਦਰੀਆਂ ਅਤੇ ਤਾਨਾਸ਼ਾਹੀ ਰਵੱਈਏ ਤੋਂ ਤੰਗ ਆ ਕੇ ਅਕਾਲੀ ਦਲ ਦੀ ਹਮੇਸ਼ਾਂ ਚੜ੍ਹਦੀ-ਕਲ੍ਹਾ ਮੰਗਣ ਵਾਲੇ ਚੰਗੇ ਅਕਾਲੀ ਆਗੂ ਪਾਰਟੀ ਨੂੰ ਸਦਾ ਲਈ ਅਲਵੀਦਾ ਆਖਣ ਲਈ ਮਜ਼ਬੂਰ ਹੋ ਜਾਣਗੇ ਅਤੇ ਪਾਰਟੀ ਸਿਰਫ਼ ਬਾਦਲ ਦਲ ਬਣਕੇ ਰਹਿ ਜਾਵੇਗੀ। ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਬਾਦਲ ਦਲ ਦੀ ਹੋਈ ਨਾਮੋਸਿ਼ਜਨਕ ਹਾਰ ਤੋਂ ਬਾਅਦ ਜਗਮੀਤ ਬਰਾੜ ਲਗਾਤਾਰ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਮੰਗ ਕਰ ਰਹੇ ਸਨ ਪ੍ਰੰਤੂ ਉਨ੍ਹਾਂ ਦੀ ਮੰਗ ਮੰਨਣ ਦੇ ਬਜਾਏ ਸੁਖਬੀਰ ਸਿੰਘ ਬਾਦਲ ਦੇ ਕਹਿਣ `ਤੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈਂ ਆਗੂਆਂ ਦਾ ਇਹੋ ਹਾਲ ਹੋਣ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਬੇੜੀ ਵਿਚ ਵੱਟੇ ਪਾਉਣ ਵਾਲਾ ਕੋਈ ਹੋਰ ਨਹੀ ਹੈ ਸਗੋਂ ਖ਼ੁਦ ਸੁਖਬੀਰ ਸਿੰਘ ਬਾਦਲ ਹੈ ਜਿਸ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਹੋਲੀ-ਹੋਲੀ ਆਗੂਆਂ ਨੂੰ ਜਾਂ ਤਾਂ ਪਾਰਟੀ ਵਿਚੋਂ ਕੱਢਿਆ ਜਾ ਰਿਹਾ ਹੈ ਜਾਂ ਫਿ਼ਰ ਉਹ ਖ਼ੁਦ ਪਾਰਟੀ ਛੱਡ ਰਹੇ ਹਨ।