ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ‘ਤੇ ਖਰਚ ਕਰਨਗੇ ਹਰਭਜਨ ਸਿੰਘ ਆਪਣੀ ਤਨਖਾਹ ! ਸਾਬਕਾ ਕ੍ਰਿਕਟ ਖਿਡਾਰੀ ਅਤੇ ਆਪ ਦੇ ਮੋਜੂਦਾ ਰਾਜ ਸਭਾ ਮੈਂਬਰ ਨੇ ਟਵਿਟਰ ਤੇ ਦਿੱਤੀ ਜਾਣਕਾਰੀ

ਟੀਮ ਇੰਡੀਆ ਦੇ ਸਾਬਕਾ ਸਪਿਨਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਟਵੀਟ ‘ਚ ਲਿਖਿਆ, ‘ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਮੈਂ ਕਿਸਾਨਾਂ ਦੀਆਂ ਬੇਟੀਆਂ ਦੀ ਸਿੱਖਿਆ ਅਤੇ ਭਲਾਈ ਲਈ ਆਪਣੀ ਤਨਖਾਹ ਦਾ ਯੋਗਦਾਨ ਦੇਣਾ ਚਾਹੁੰਦਾ ਹਾਂ। ਮੈਂ ਆਪਣੇ ਦੇਸ਼ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਜੁੜਿਆ ਹਾਂ ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਕਰ ਸਕਦਾ ਹਾਂ। ਜੈ ਹਿੰਦ।’

ਹਰਭਜਨ ਸਿੰਘ ਪੰਜਾਬ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਖੇਡਾਂ ਨੂੰ ਬੜ੍ਹਾਵਾ ਦੇਣਗੇ ਕਿਉਂਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ। ਉਸਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਦੀ ਕਪਤਾਨੀ ਕੀਤੀ ਹੈ। ਭੱਜੀ ਨੇ ਦਸੰਬਰ 2021 ਵਿੱਚ ਆਪਣੇ 23 ਸਾਲ ਦੇ ਕ੍ਰਿਕਟ ਕਰੀਅਰ ਦਾ ਅੰਤ ਕੀਤਾ। ਉਹ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਰਿਟਾਇਰਮੈਂਟ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਹਰਭਜਨ ਸਿੰਘ ਦੀ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਹ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। 41 ਸਾਲਾ ਹਰਭਜਨ ਦਾ ਕ੍ਰਿਕਟ ਕਰੀਅਰ ਕਾਫੀ ਵਧੀਆ ਰਿਹਾ ਹੈ। ਉਸ ਨੇ ਇਕੱਲੇ ਭਾਰਤ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾਈ ਹੈ। ਹਰਭਜਨ ਨੇ ਕ੍ਰਿਕਟ ਤੋਂ ਇਲਾਵਾ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ ਹੈ। ਪਿਛਲੇ ਸਾਲ ਹਰਭਜਨ ਤਮਿਲ ਫਿਲਮ ‘ਦੋਸਤੀ’ ‘ਚ ਨਜ਼ਰ ਆਏ ਸਨ।

ਮਾਰਚ 1998 ‘ਚ ਆਸਟ੍ਰੇਲੀਆ ਖਿਲਾਫ ਆਪਣਾ ਟੈਸਟ ਡੈਬਿਊ ਕਰਨ ਵਾਲੇ ਹਰਭਜਨ ਸਿੰਘ ਨੇ ਆਪਣੇ ਕਰੀਅਰ ‘ਚ ਕੁੱਲ 417 ਵਿਕਟਾਂ ਲਈਆਂ। ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ਦੀ ਸੂਚੀ ਵਿੱਚ ਉਹ ਅਨਿਲ ਕੁੰਬਲੇ, ਕਪਿਲ ਦੇਵ ਅਤੇ ਰਵੀਚੰਦਰਨ ਅਸ਼ਵਿਨ ਤੋਂ ਬਾਅਦ ਕੁੱਲ ਮਿਲਾ ਕੇ ਚੌਥੇ ਨੰਬਰ ‘ਤੇ ਹੈ। ਸਪਿਨਰਾਂ ਦੀ ਗੱਲ ਕਰੀਏ ਤਾਂ ਉਹ ਤੀਜੇ ਨੰਬਰ ‘ਤੇ ਹੈ। ਭੱਜੀ ਤੋਂ ਪਹਿਲਾਂ ਅਨਿਲ ਕੁੰਬਲੇ ਅਤੇ ਆਰ ਅਸ਼ਵਿਨ ਦਾ ਨੰਬਰ ਆਉਂਦਾ ਹੈ।