ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੀ ਚੋਣ 'ਚ ਵੋਟਿੰਗ ਸੀਕ੍ਰੇਟ ਬੈਲਟ ਪੇਪਰ ਨਾਲ ਹੋਵੇਗੀ। ਇਸ ਵਿਚ ਇਹ ਪਤਾ ਨਹੀਂ ਲੱਗ ਸਕੇਗਾ ਕਿ ਕਿਸ ਨੇ ਕਿਸ ਨੂੰ ਵੋਟ ਪਾਈ। ਚੋਣਾਂ 'ਚ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਕਾਂਗਰਸ ਚੋਣ ਅਥਾਰਟੀ ਨੇ ਇਹ ਕਦਮ ਚੁੱਕਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਬੈਲਟ ਪੇਪਰਾਂ ਨੂੰ ਵੀ ਮਿਲਾ ਦਿੱਤਾ ਜਾਵੇਗਾ ਤਾਂ ਜੋ ਕਿਸ ਸੂਬੇ 'ਚ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ, ਇਹ ਵੀ ਪਤਾ ਨਾ ਲੱਗ ਸਕੇ। 17 ਅਕਤੂਬਰ ਨੂੰ ਚੋਣਾਂ ਤੋਂ ਬਾਅਦ ਬੈਲਟ ਬਾਕਸ ਨੂੰ ਸੀਲਬੰਦ ਕਰ ਕੇ ਫਲਾਈਟ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਤੇ ਕਾਂਗਰਸ ਚੋਣ ਅਥਾਰਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਮੁਤਾਬਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਸੀਆਈਐੱਸਐੱਫ ਨੂੰ ਬੈਲਟ ਬਾਕਸਾਂ ਨੂੰ ਸੁਰੱਖਿਅਤ ਹਵਾਈ ਜਹਾਜ਼ ਰਾਹੀਂ ਲਿਆਏ ਜਾਣ 'ਚ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਦੀ ਚੋਣ ਲਈ ਬੈਲਟ ਬਾਕਸ ਤੇ ਬੈਲਟ ਪੇਪਰ ਤਿਆਰ ਕਰ ਲਏ ਗਏ ਹਨ ਤੇ ਇਸ ਨੂੰ ਮਤਦਾਨ ਦੀ ਤਰੀਕ ਤੋਂ ਪਹਿਲਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਰਟੀ ਦਫਤਰਾਂ 'ਚ ਭੇਜ ਦਿੱਤਾ ਜਾਵੇਗਾ। ਮਧੂਸੂਦਨ ਮਿਸਤਰੀ ਨੇ ਚੋਣ ਤਿਆਰੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨੁਮਾਇੰਦਿਆਂ 'ਤੇ ਦਬਾਅ ਜਾਂ ਡਰਾਉਣ ਵਰਗੀ ਗੱਲ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਸ਼ੰਕਾ ਪ੍ਰਗਟਾਈ ਗਈ ਹੈ। ਪਰ ਜਦੋਂ ਚੋਣ ਗੁਪਤ ਬੈਲਟ ਪੇਪਰ ਨਾਲ ਕਰਵਾਈ ਜਾਏਗੀ ਤੇ ਬੈਲਟ ਪੇਪਰ 'ਤੇ ਕੋਈ ਨੰਬਰ ਨਹੀਂ ਹੋਵੇਗਾ ਤਾਂ ਇਹ ਪਤਾ ਹੀ ਨਹੀਂ ਲੱਗ ਸਕੇਗਾ ਕਿ ਕਿਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ। ਇਸ ਨੂੰ ਹੋਰ ਮਜ਼ਬੂਤੀ ਦੇਣ ਲਈ ਵੋਟਾਂ ਦੀ ਗਿਣਤੀ ਵਾਲੇ ਦਿਨ 19 ਅਕਤੂਬਰ ਨੂੰ ਇਕ-ਇਕ ਕਰ ਕੇ ਪਹਿਲਾਂ ਸਾਰੇ ਸੂਬਿਆਂ ਦੇ ਬੈਲਟ ਬਾਕਸ ਦੋਵਾਂ ਉਮੀਦਵਾਰਾਂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਦੇ ਚੋਣ ਏਜੰਟ ਸਾਹਮਣੇ ਖੁੱਲ੍ਹਣਗੇ। ਫਿਰ ਸਾਰੇ ਬੈਲਟ ਪੇਪਰਾਂ ਨੂੰ ੰਇਕੱਠੇ ਮਿਲਾ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਕਿਸ ਸੂਬੇ ਤੋਂ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ, ਇਹ ਵੀ ਪਤਾ ਨਹੀਂ ਲੱਗ ਸਕੇਗਾ।