ਵਿਸ਼ਾਖਾਪਟਨਮ, 29 ਅਕਤੂਬਰ : ਆਂਧਰਾ ਪ੍ਰਦੇਸ਼ ਦੇ ਵਿਜ਼ਿਆਨਗਰਮ ਜ਼ਿਲ੍ਹੇ ਵਿੱਚ ਐਤਵਾਰ ਰਾਤ ਨੂੰ ਦੋ ਟਰੇਨਾਂ ਦੀ ਟੱਕਰ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ ਟਰੇਨ ਦੇ ਤਿੰਨ ਡੱਬੇ ਕੋਠਾਵਾਲਸਾ 'ਮੰਡਲ' (ਬਲਾਕ) ਦੇ ਕਾਂਤਕਾਪੱਲੀ ਜੰਕਸ਼ਨ ਨੇੜੇ ਪਲਾਸਾ ਐਕਸਪ੍ਰੈਸ ਦੇ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰ ਗਏ। ਵਿਸ਼ਾਖਾਪਟਨਮ-ਰਯਾਗੜਾ ਰੇਲਗੱਡੀ ਵਿਸ਼ਾਖਾਪਟਨਮ ਤੋਂ ਓਡੀਸ਼ਾ ਦੇ ਰਾਏਗੜਾ ਜਾ ਰਹੀ ਸੀ, ਜਦੋਂ ਕਿ ਪਲਾਸਾ ਐਕਸਪ੍ਰੈਸ ਸ੍ਰੀਕਾਕੁਲਮ ਜ਼ਿਲ੍ਹੇ ਦੇ ਪਲਾਸਾ ਤੋਂ ਵਿਜ਼ਿਆਨਗਰਮ ਜਾ ਰਹੀ ਸੀ। ਸਥਾਨਕ ਪੁਲਿਸ ਨੇ ਬਚਾਅ ਅਤੇ ਰਾਹਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਾਲੀ ਥਾਂ 'ਤੇ ਹਨੇਰਾ ਹੈ, ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਗਿਆ ਹੈ। ਵਾਲਟੇਅਰ ਡਿਵੀਜ਼ਨਲ ਰੇਲਵੇ ਮੈਨੇਜਰ ਸੌਰਭ ਪ੍ਰਸਾਦ ਅਤੇ ਈਸਟ ਕੋਸਟ ਰੇਲਵੇ ਦੇ ਹੋਰ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਅਤੇ ਐਨਡੀਆਰਐਫ ਨੂੰ ਸਹਾਇਤਾ ਅਤੇ ਐਂਬੂਲੈਂਸ ਸੇਵਾ ਲਈ ਸੂਚਿਤ ਕਰ ਦਿੱਤਾ ਗਿਆ ਹੈ, ਜਦੋਂ ਕਿ ਇੱਕ ਦੁਰਘਟਨਾ ਰਾਹਤ ਟਰੇਨ ਘਟਨਾ ਸਥਾਨ 'ਤੇ ਪਹੁੰਚ ਗਈ ਹੈ। ਮੁੱਖ ਮੰਤਰੀ ਨੇ ਤੁਰੰਤ ਰਾਹਤ ਉਪਾਅ ਕਰਨ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸੇਵਾਵਾਂ ਮਿਲਣ ਨੂੰ ਯਕੀਨੀ ਬਣਾਉਣ ਲਈ ਸਿਹਤ, ਪੁਲਿਸ ਅਤੇ ਮਾਲ ਸਮੇਤ ਹੋਰ ਸਰਕਾਰੀ ਵਿਭਾਗਾਂ ਦਾ ਤਾਲਮੇਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ