ਸੋਨੀੋਪਤ, 09 ਜਨਵਰੀ : ਬੀਤੀ ਦੇਰ ਰਾਤ ਸੋਨੀਪਤ ਨੈਸ਼ਨਲ ਹਾਈਵੇਅ-44 ਤੇ ਪਿਆਊ ਮਨਿਆਰੀ ਨੇੜੇ ਟਰੱਕ ਡਰਾਈਵਰ ਵੱਲੋਂ ਅਚਾਨਕ ਲਗਾਈ ਗਈ ਬਰੇਕ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਪੁਲਿਸ ਇੰਸਪੈਕਟਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾਂ ਦੀ ਪਛਾਣ ਇੰਸਪੈਕਟਰ ਦਿਨੇਸ਼ ਬੈਨੀਵਾਲ ਵਾਸੀ ਪਿੰਡ ਦਾਦਨਪੁਰ (ਬਹਾਦਰਗੜ੍ਹ), ਇੰਸਪੈਕਟਰ ਰਣਬੀਰ ਚਹਲ ਵਾਸੀ ਨਰਵਾਣਾ (ਜੀਂਦ) ਵਜੋਂ ਹੋਈ ਹੈ। ਇੰਸਪੈਕਟਰ ਦਿਨੇਸ਼ ਬੈਨੀਵਾਲ ਹੈਦਰਪੁਰ ਨਾਰਥ ਵੈਸਟ ਸਪੈਸ਼ਲ ਸੈੱਲ (ਦਿੱਲੀ) ਅਤੇ ਰਣਬੀਰ ਚਹਲ ਨੂੰ ਆਦਰਸ਼ ਨਗਰ ਥਾਣਾ ਦਿੱਲੀ ਵਿੱਚ ਤਾਇਨਾਤ ਸਨ। ਬੀਤੀ ਰਾਤ ਦੋਵੇਂ ਇੱਕ ਗੱਡੀ ‘ਚ ਸਵਾਰ ਹੋ ਕੇ ਦਿੱਲੀ ਤੋਂ ਸੋਨੀਪਤ ਨੂੰ ਆ ਰਹੇ ਸਨ, ਕਾਰ ਨੂੰ ਦਿਨੇਸ਼ ਬੈਨੀਵਾਲ ਚਲਾ ਰਿਹਾ ਸੀ। ਜਦੋਂ ਦੋਵੇਂ ਇੰਸਪੈਕਟਰ ਕੁੰਡਲੀ ਤੋਂ ਅੱਗੇ ਪਿਆਉ ਮਨਿਆਰੀ ਪਹੁੰਚੇ ਤਾਂ ਅਚਾਨਕ ਉਸ ਦੇ ਅੱਗੇ ਟਰੱਕ ਚਾਲਕ ਨੇ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਕਾਰ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵੇਂ ਇੰਸਪੈਕਟਰਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਕੁੰਡਲੀ ਦੇ ਐੱਸਆਈ ਕਰਤਾਰ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਕੁੰਡਲੀ ਦੇ ਸਟੇਸ਼ਨ ਇੰਚਾਰਜ ਇੰਸਪੈਕਟਰ ਰਿਸ਼ੀਕਾਂਤ ਦੇ ਅਨੁਸਾਰ, ਦੇਰ ਰਾਤ ਪਿਆਉ ਮਨਿਆਰੀ ਨੇੜੇ ਇੱਕ ਹਾਦਸੇ ਵਿੱਚ ਕਾਰ ਵਿੱਚ ਸਫ਼ਰ ਕਰ ਰਹੇ ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।