ਰੋਹਤਕ, 11 ਸਤੰਬਰ : ਮਹਿਮ ਕਸਬੇ ਵਿਚ ਸਾਈਕਲ ਚਲਾ ਰਹੇ ਦੋ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸਾਈਕਲ ਚਲਾਉਣ ਸਮੇਂ ਪਿੰਡ ਇਮਲੀਗੜ੍ਹ ਦੇ ਜਲਘਰ ਟੈਂਕ ਦੇ ਰੈਂਪ ਤੋਂ ਫਿਸਲਣ ਕਾਰਨ ਦੋਵੇਂ ਸਾਈਕਲ ਸਵਾਰ ਪਾਣੀ ਵਿਚ ਡਿੱਗ ਪਏ ਸਨ। ਦੋਵਾਂ ਦੀ ਸ਼ਨਾਖ਼ਤ ਆਰਿਸ ਪੁੱਤਰ ਸ਼ਰਾਫ਼ਤ ਵਾਸੀ ਚੌਬੀਸੀ ਚਬੂਤਰਾ ਤੇ ਭਰਤ ਪੁੱਤਰ ਹਨੀ ਵਜੋਂ ਹੋਈ ਹੈ। ਆਰਿਸ ਛੇਵੀਂ ਤੇ ਭਾਰਤ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਦੋਵਾਂ ਦੇ ਘਰ ਲਾਗੇ-ਲਾਗੇ ਹਨ। ਇਨ੍ਹਾਂ ਦੋਵਾਂ ਦੇ ਨਾਲ ਆਰਿਸ ਦੀ ਭੂੁਆ ਦੇ ਪੁੱਤਰ 11 ਸਾਲਾ ਅਯਾਨ ਤੇ 8 ਸਾਲਾ ਰਿਆਨ ਵੀ ਸਨ। ਆਰਿਸ ਤੇ ਭਰਤ ਨੂੰ ਬਚਾਉਣ ਲਈ ਅਯਾਨ ਪਾਣੀ ਵਿਚ ਕੁੱਦ ਪਿਆ ਸੀ, ਉਸ ਨੂੰ ਵੀ ਮੁਸ਼ਕਲ ਨਾਲ ਉੱਥੋਂ ਕੱਢਿਆ ਗਿਆ। ਮਹਿਮ ਥਾਣਾ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਰੋਹਤਕ ਪੀਜੀਆਈ ਵਿਚ ਰਖਾ ਦਿੱਤਾ ਹੈ। ਮਾਮਲੇ ਵਿਚ ਮਹਿਮ ਪੁਲਿਸ ਨੂੰ ਮਿ੍ਰਤਕ ਆਰਿਸ ਦੇ ਪਿਤਾ ਸ਼ਰਾਫ਼ਤ ਨੇ ਬਿਆਨ ਦਰਜ ਕਰਵਾ ਦਿੱਤੇ ਹਨ। ਸ਼ਰਾਫ਼ਤ ਪਿੱਛੋਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦੇ ਕਰੂਲਾ ਮੁਹੱਲੇ ਦਾ ਵਾਸੀ ਹੈ। ਕਈ ਸਾਲ ਪਹਿਲਾਂ ਮਹਿਮ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਕੇ ਲੋਕਾਂ ਦੇ ਘਰਾਂ ਵਿਚ ਰੰਗ-ਰੋਗਨ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਪੁੱਤਰ ਆਰਿਸ, ਭਾਣਜਾ ਰਿਆਨ ਤੇ ਗੁਆਂਢ ਵਿਚ ਰਹਿੰਦਾ ਬੱਚਾ ਭਰਤ ਸਵੇਰ ਵੇਲੇ ਘਰੋਂ ਨਿੱਕਲ ਗਏ ਸਨ।