ਬਦਾਯੂੰ, 30 ਅਕਤੂਬਰ : ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਦੋ ਸਕੂਲੀ ਵਾਹਨ ਆਪਸ ਵਿਚ ਟਕਰਾ ਗਏ, ਜਿਸ ਵਿਚ 4 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 16 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿਚ ਸਕੂਲ ਵੈਨ ਦਾ ਡਰਾਈਵਰ ਵੀ ਸ਼ਾਮਲ ਹੈ। ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ ਦਸਿਆ ਕਿ ਸਾਰੇ ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮ੍ਰਿਤਕਾਂ ਵਿਚ ਸਕੂਲ ਵੈਨ ਡਰਾਈਵਰ ਓਮੇਂਦਰ (28), ਉਸ ਦਾ ਬੇਟਾ ਹਰਸ਼ਿਤ (9), ਵਿਦਿਆਰਥਣ ਖੁਸ਼ੀ (6) ਅਤੇ ਪਾਰੁਲ (9) ਸ਼ਾਮਲ ਹਨ। ਇਕ ਬੱਚੇ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 8.45 ਵਜੇ ਬਦਾਯੂੰ ਦੇ ਨਵੀਗੰਜ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਹਨਾਂ ਦੀ ਰਫਤਾਰ ਬਹੁਤ ਜ਼ਿਆਦਾ ਸੀ ਅਤੇ ਇਨ੍ਹਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਵੈਨ ਮਿਆਊ ਕਸਬੇ ਦੇ ਐੱਸਆਰਪੀਐੱਸ ਸਕੂਲ ਦੀ ਵੈਨ ਸੀ ਤੇ ਸੱਤਿਆਦੇਵ ਇੰਟਰ ਕਾਲਜ ਦੀ ਬੱਸ ਪਿੰਡਾਂ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਉਨ੍ਹਾਂ ਦਸਿਆ ਕਿ ਇਸ ਹਾਦਸੇ ਵਿਚ ਵੈਨ ਵਿਚ ਸਵਾਰ ਚਾਰ ਬੱਚਿਆਂ ਦੀ ਮੌਤ ਹੋ ਗਈ ਜਦਕਿ 16 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਛੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੁਮਾਰ ਨੇ ਦਸਿਆ ਕਿ ਚਸ਼ਮਦੀਦਾਂ ਅਨੁਸਾਰ 20 ਦੇ ਕਰੀਬ ਸਕੂਲੀ ਬੱਚਿਆਂ ਨੂੰ ਨਿਯਮਾਂ ਦੀ ਅਣਦੇਖੀ ਕਰਦਿਆਂ ਸਕੂਲ ਵੈਨ ਵਿਚ ਬਿਠਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਸੜਕ 'ਤੇ ਪਏ ਟੋਏ ਕਾਰਨ ਸਕੂਲ ਵੈਨ ਬੇਕਾਬੂ ਹੋ ਕੇ ਸਕੂਲ ਬੱਸ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ। ਜ਼ਖਮੀ ਬੱਚਿਆਂ ਨੂੰ ਬਾਹਰ ਕੱਢ ਕੇ ਸੜਕ 'ਤੇ ਲਿਟਾ ਦਿੱਤਾ ਗਿਆ, ਜਿਸ ਕਾਰਨ ਕਈ ਬੱਚਿਆਂ ਦੀ ਮੌਤ ਹੋਣ ਦੀ ਖਬਰ ਫੈਲ ਗਈ। ਸੂਚਨਾ ਮਿਲਦਿਆਂ ਹੀ ਕਈ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਸੀਐੱਚਸੀ ਮਿਆਊਂ ਭੇਜਿਆ ਗਿਆ। ਉਥੋਂ ਅੱਠ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।