ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਪਣੇ ਕੀਤੇ ਕੁਕਰਮਾਂ ਦੀ ਸਜ਼ਾ ਭੁਗਤ ਰਹੇ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾ ਰਹੀ ਪੈਰੋਲ ਖ਼ਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੇ ਆਪਣੇ ਪੈਰੋਕਾਰ ਸਾਧਵੀਆਂ ਦੇ ਨਾਲ ਕੁਕਰਮ ਕੀਤੇ ਅਤੇ ਕਤਲੇਆਮ ਕਰਵਾਇਆ ਜਿਸ ਵਿਚ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਰਣਜੀਤ ਸਿੰਘ ਖਾਨਪੁਰ ਕੋਲੀਆ ਦੇ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਫਿਰ ਦੋ ਸਾਧਵੀਆਂ ਦੇ ਨਾਲ ਕੀਤੇ ਕੁਕਰਮਾਂ ਦੀ 10 - 10 ਸਾਲ ਦੀ ਵੱਖਰੀ ਸਜ਼ਾ ਭੁਗਤ ਰਿਹਾ ਹੈ। ਜਿਸ ਨੂੰ ਪੰਜਾਬ ਪੁਲਿਸ ਦੀ ਸਿੱਟ ਨੇ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਵੀ ਨਾਮਜ਼ਦ ਕੀਤਾ ਹੈ ਜਿਸ ਦੇ ਸਿਪਾਹ ਸਲਾਰ ਪ੍ਰਦੀਪ ਕਲੇਰ ਸੰਦੀਪ ਬਰੇਟਾ ਤੇ ਹਰਸ਼ ਧੂਰੀ ਅਜੇ ਤੱਕ ਫਰਾਰ ਹਨ ਜਿਨਾਂ ਦੇ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਹਨ ਸੌਦਾ ਅਸਾਧ ਉੱਪਰ ਆਪਣੇ ਸੈਂਕੜੇ ਪੈਰੋਕਾਰਾਂ ਨੂੰ ਨਿਪੁੰਸਕ ਕਰਨ ਦਾ ਮਾਮਲਾ ਵੀ ਮਾਣਯੋਗ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ ਅਜਿਹੇ ਹਾਲਾਤਾਂ ਵਿੱਚ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਕੇ ਕਿਸੇ ਵੀ ਖਤਰਨਾਕ ਸਾਜਿਸ਼ ਨੂੰ ਅੰਜਾਮ ਦੇ ਸਕਦਾ ਹੈ ਅਤੇ ਇਨਾਂ ਕੇਸਾਂ ਦੇ ਗਵਾਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣਾ ਕਿਸੇ ਤਰਾਂ ਵੀ ਵਾਜਿਬ ਨਹੀਂ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਦੀਆਂ ਵੋਟਾਂ ਦਾ ਭੁਲੇਖਾ ਪਾਲਣ ਵਾਲੀਆਂ ਪਾਰਟੀਆਂ ਨੇ ਪਿਛਲੇ ਸਮੇਂ ਦੇ ਅੰਦਰ ਹਾਰ ਦਾ ਮੂੰਹ ਵੇਖਿਆ ਹੈ ਸੌਦਾ ਅਸਾਧ ਪਿੱਛੇ ਕੋਈ ਵੀ ਵੋਟ ਬੈਂਕ ਨਹੀਂ ਹੈ ਜੇਕਰ ਵੋਟ ਬੈਂਕ ਹੁੰਦਾ ਤਾਂ ਸੌਦਾ ਅਸਾਧ ਦਾ ਕੁੜਮ ਹਰਮੰਦਰ ਜੱਸੀ ਤਲਵੰਡੀ ਸਾਬੋ ਤੋਂ ਵਿਧਾਨ ਸਭਾ 2017 ਤੇ 2022 ਵਿੱਚ ਉਸ ਦੀ ਜ਼ਮਾਨਤ ਜ਼ਬਤ ਹੋ ਕੇ ਬੁਰੀ ਤਰਾਂ ਹਾਰ ਨਾ ਹੁੰਦੀ। 2017 ਵਿੱਚ ਸੌਦਾ ਅਸਾਧ ਨੇ ਬਾਦਲ ਦਲ ਦੀ ਹਮਾਇਤ ਦਾ ਐਲਾਨ ਕੀਤਾ ਸੀ ਤੇ ਬਾਦਲ ਦਲ ਦੀ ਬੁਰੀ ਤਰਾਂ ਹਾਰ ਹੋਈ। ਸਰਕਾਰ ਵੀ ਜਾਂਦੀ ਰਹੀ ਤੇ ਬਾਦਲ ਦਲ ਵਿਰੋਧੀ ਧਿਰ ਵਿੱਚ ਬੈਠਣ ਜੋਗਾ ਵੀ ਨਾ ਰਿਹਾ। ਇਸੇ ਤਰਾਂ ਜਦੋਂ ਦਿੱਲੀ ਵਿੱਚ ਭਾਜਪਾ ਦੀ ਹਮਾਇਤ ਸੌਦਾ ਅਸਾਧ ਨੇ ਕੀਤੀ ਸੀ ਤਾਂ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਸੀ ਮਿਲੀ ਫਿਰ ਜਦੋਂ ਪੰਜਾਬ ਵਿੱਚ ਸੌਦਾ ਅਸਾਧ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਬਾਦਲ ਸਰਕਾਰ ਰਿਪੀਟ ਕਰ ਗਈ ਸੀ। ਇਸ ਵਾਰ ਵੀ ਸੌਦਾ ਅਸਾਧ ਨੇ ਪੰਜਾਬ ਵਿੱਚ ਭਾਜਪਾ ਦੀ ਹਮਾਇਤ ਕੀਤੀ ਤਾਂ ਭਾਜਪਾ ਨੂੰ ਸੌਦਾ ਅਸਾਧ ਦੇ ਪੈਰੋਕਾਰਾਂ ਦਾ ਗੜ ਮੰਨੇ ਜਾਂਦੇ ਇਲਾਕੇ ਮਾਲਵਾ ਵਿੱਚ ਇੱਕ ਵੀ ਸੀਟ ਪ੍ਰਾਪਤ ਨਹੀਂ ਹੋਈ। ਇਸ ਲਈ ਸੌਦਾ ਅਸਾਧ ਦੀਆਂ ਵੋਟਾਂ ਦੀ ਝਾਕ ਕਿਸੇ ਵੀ ਪਾਰਟੀ ਨੂੰ ਨਹੀਂ ਰੱਖਣੀ ਚਾਹੀਦੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਕ ਕਾਤਲ ਤੇ ਕੁਕਰਮੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਜਦੋਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਤਰਾਂ ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ ਜੋ ਕਿਸੇ ਤਰਾਂ ਵੀ ਵਾਜਿਬ ਨਹੀਂ ਹਨ।