- ਵੋਟਰਾਂ ਨੂੰ ਵੋਟ ਦੀ ਤਾਕਤ ਪ੍ਰਤੀ ਜਾਗਰੂਕ ਕਰਨ ਲਈ ਤੇਂਦੁਲਕਰ ਇੱਕ ਆਦਰਸ਼ ਵਿਕਲਪ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ
ਨਵੀਂ ਦਿੱਲੀ, 23 ਅਗਸਤ : ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਸਚਿਨ ਰਮੇਸ਼ ਤੇਂਦੁਲਕਰ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਲਈ ਵੋਟਰ ਜਾਗਰੂਕਤਾ ਅਤੇ ਸਿੱਖਿਆ ਦੇ ਮੱਦੇਨਜ਼ਰ ‘ਰਾਸ਼ਟਰੀ ਆਈਕਨ’ ਵਜੋਂ ਇੱਕ ਨਵੀਂ ਪਾਰੀ ਸ਼ੁਰੂ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਦੀ ਮੌਜੂਦਗੀ ਵਿੱਚ ਆਕਾਸ਼ਵਾਣੀ ਰੰਗ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਮਹਾਨ ਕ੍ਰਿਕਟਰ ਨਾਲ 3 ਸਾਲਾਂ ਦੀ ਮਿਆਦ ਲਈ ਇੱਕ ਐਮ.ਓ.ਯੂ ਸਹੀਬੱਧ ਕੀਤਾ ਗਿਆ। ਇਹ ਸਹਿਯੋਗ ਆਗਾਮੀ ਚੋਣਾਂ, ਖਾਸ ਤੌਰ ’ਤੇ ਆਮ ਚੋਣਾਂ 2024 ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਵਿਸ਼ੇਸ਼ ਕਰਕੇ ਨੌਜਵਾਨ ਜਨਸੰਖਿਆ ਦੇ ਨਾਲ ਤੇਂਦੁਲਕਰ ਦੇ ਅਸਰਦਾਰ ਪ੍ਰਭਾਵ ਦਾ ਲਾਭ ਉਠਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਭਾਈਵਾਲੀ ਰਾਹੀਂ ਭਾਰਤੀ ਚੋਣ ਕਮਿਸ਼ਨ ਦਾ ਉਦੇਸ਼ ਨਾਗਰਿਕਾਂ, ਖਾਸ ਤੌਰ ’ਤੇ ਨੌਜਵਾਨਾਂ ਅਤੇ ਸ਼ਹਿਰੀ ਆਬਾਦੀ ਵਿਚਕਾਰ ਪਾੜੇ ਨੂੰ ਪੂਰਨਾ ਅਤੇ ਚੋਣ ਪ੍ਰਕਿਰਿਆ ਨੂੰ ਹੁਲਾਰਾ ਦੇਣਾ ਹੈ ਤਾਂ ਜੋ ਸ਼ਹਿਰੀ ਅਤੇ ਨੌਜਵਾਨ ਅਬਾਦੀ ਦੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਸਚਿਨ ਤੇਂਦੁਲਕਰ ਨੇ ਭਾਰਤੀ ਚੋਣ ਕਮਿਸ਼ਨ ਲਈ ‘ਨੈਸ਼ਨਲ ਆਈਕਲ’ ਵਜੋਂ ਆਪਣੀ ਭੂਮਿਕਾ ਵਿੱਚ, ਆਪਣੇ ਉਤਸ਼ਾਹ ਅਤੇ ਵਚਨਬੱਧਤਾ ਪ੍ਰਗਟਾਈ ਅਤੇ ਕਿਹਾ ਕਿ ਭਾਰਤ ਵਰਗੇ ਜੀਵੰਤ ਲੋਕਤੰਤਰ ਲਈ, ਨੌਜਵਾਨ ਰਾਸ਼ਟਰ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਖੇਡ ਦੇ ਮੈਚਾਂ ਦੌਰਾਨ ਟੀਮ ਇੰਡੀਆ ਲਈ ਜੋ ਦਿਲ ਧੜਕਦੇ ਹਨ, ਇੱਕਮੁੱਠ ਹੋ ਕੇ-‘ਇੰਡੀਆ, ਇੰਡੀਆ!’ ਆਖਦੇ ਹਨ, ਉਹੀ ਦਿਲ ਸਾਡੇ ਕੀਮਤੀ ਲੋਕਤੰਤਰ ਨੂੰ ਅੱਗੇ ਲਿਜਾਣ ਲਈ ਵੀ ਉਸੇ ਤਰ੍ਹਾਂ ਧੜਕਣਗੇ। ਇਸ ਤਰ੍ਹਾਂ ਕਰਨ ਦਾ ਇੱਕ ਸਧਾਰਨ, ਪਰ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਨਿਯਮਿਤ ਤੌਰ ’ਤੇ ਆਪਣੀ ਵੋਟ ਪਾਉਣਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਟੇਡੀਅਮਾਂ ਤੋਂ ਲੈ ਕੇ ਪੋਲਿੰਗ ਬੂਥਾਂ ’ਤੇ ਖਚਾਖਚ ਭਰਨ ਤੱਕ, ਰਾਸ਼ਟਰੀ ਟੀਮ ਦੇ ਨਾਲ ਖੜ੍ਹੇ ਹੋਣ ਲਈ ਸਮਾਂ ਕੱਢਣ ਤੋਂ ਲੈ ਕੇ ਆਪਣੀ ਵੋਟ ਪਾਉਣ ਲਈ ਸਮਾਂ ਕੱਢਣ ਤੱਕ, ਅਸੀਂ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਾਂਗੇ। ਜਦੋਂ ਦੇਸ਼ ਦੇ ਕੋਨੇ-ਕੋਨੇ ਤੋਂ ਨੌਜਵਾਨ ਚੋਣ ਲੋਕਤੰਤਰ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ, ਤਾਂ ਅਸੀਂ ਆਪਣੇ ਦੇਸ਼ ਦਾ ਇੱਕ ਖੁਸ਼ਹਾਲ ਭਵਿੱਖ ਦੇਖਾਂਗੇ। ਇਸ ਮੌਕੇ ’ਤੇ ਬੋਲਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸਚਿਨ ਤੇਂਦੁਲਕਰ, ਜੋ ਨਾ ਸਿਰਫ਼ ਭਾਰਤ ਵਿੱਚ ਬਲਕਿ ਵਿਸ਼ਵ ਪੱਧਰ ’ਤੇ ਇੱਕ ਵੱਡੀ ਪਛਾਣ ਰੱਖਦੇ ਹਨ, ਦੀ ਆਪਣੀ ਵਿਰਾਸਤ ਹੈ, ਜੋ ਉਹਨਾਂ ਦੀ ਕ੍ਰਿਕਟ ਦੀ ਲਿਆਕਤ ਤੋਂ ਕਿਤੇ ਵੱਧ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਤੇਂਦੂਲਕਰ ਦਾ ਸ਼ਾਨਦਾਰ ਕਰੀਅਰ ਉੱਤਮਤਾ, ਟੀਮ ਵਰਕ ਅਤੇ ਸਫਲਤਾ ਦੀ ਨਿਰੰਤਰ ਕੋਸ਼ਿਸ਼ ਪ੍ਰਤੀ ਉਸਦੀ ਵਚਨਬੱਧਤਾ ਦਾ ਪ੍ਰਮਾਣ ਹੈ। ਭਾਰਤੀ ਚੋਣ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਸਦਾ ਪ੍ਰਭਾਵ ਖੇਡਾਂ ਤੋਂ ਪਰੇ ਹੈ, ਜਿਸ ਨਾਲ ਉਹ ਵੋਟਰਾਂ ਦੀ ਗਿਣਤੀ ਵਧਾਉਣ ਲਈ ਇੱਕ ਆਦਰਸ਼ ਵਿਕਲਪ ਬਣ ਗਏ ਹਨ। ਇਹ ਸਾਂਝੇਦਾਰੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕਰੇਗੀ, ਜਿਸ ਵਿੱਚ ਤੇਂਦੁਲਕਰ ਵੱਲੋਂ ਵੱਖ-ਵੱਖ ਟੀਵੀ ਟਾਕ ਸ਼ੋ/ਪ੍ਰੋਗਰਾਮਾਂ ਅਤੇ ਡਿਜੀਟਲ ਮੁਹਿੰਮਾਂ ਆਦਿ ਵਿੱਚ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ, ਜਿਸਦਾ ਉਦੇਸ਼ ਵੋਟ ਦੀ ਮਹੱਤਤਾ ਅਤੇ ਦੇਸ਼ ਦੀ ਕਿਸਮਤ ਨੂੰ ਘੜਨ ਵਿੱਚ ਇਸਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸਮਾਗਮ ਦੌਰਾਨ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਵਿਦਿਆਰਥੀਆਂ ਨੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਵੋਟ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਸਕਿੱਟ ਵੀ ਪੇਸ਼ ਕੀਤੀ। ਭਾਰਤੀ ਚੋਣ ਕਮਿਸ਼ਨ ਆਪਣੇ ਆਪ ਨੂੰ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਸਿੱਧ ਭਾਰਤੀਆਂ ਨਾਲ ਜੋੜਕੇ ਰੱਖਦਾ ਹੈ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਭਾਗ ਲੈਣ ਲਈ ਵੋਟਰਾਂ ਨੂੰ ਪ੍ਰੇਰਿਤ ਕਰਨ ਹਿੱਤ ਉਹਨਾਂ ਨੂੰ ਰਾਸ਼ਟਰੀ ਆਈਕਨ ਵਜੋਂ ਨਿਯੁਕਤ ਕਰਦਾ ਹੈ। ਪਿਛਲੇ ਸਾਲ ਕਮਿਸ਼ਨ ਨੇ ਮਸ਼ਹੂਰ ਅਭਿਨੇਤਾ ਪੰਕਜ ਤ੍ਰਿਪਾਠੀ ਨੂੰ ਨੈਸ਼ਨਲ ਆਈਕਨ ਵਜੋਂ ਮਾਨਤਾ ਦਿੱਤੀ ਸੀ। ਇਸ ਤੋਂ ਪਹਿਲਾਂ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ, ਐਮ.ਐਸ.ਧੋਨੀ, ਆਮਿਰ ਖਾਨ ਅਤੇ ਮੈਰੀਕਾਮ ਵਰਗੇ ਦਿੱਗਜ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਸਨ।