ਰਾਏਪੁਰ, 29 ਦਸੰਬਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਘਰ ਵਿੱਚ ਜੋੜੇ ਤੇ ਉਨ੍ਹਾਂ ਦੀ ਧੀ ਦੀਆਂ ਲਾਸ਼ਾਂ ਲਟਕਦੀਆਂ ਹੋਈਆਂ ਬਰਾਮਦ ਕੀਤੀਆਂ ਹਨ। ਫਿਲਹਾਲ ਪੁਲਿਸ ਵੱਲੋਂ ਤਿੰਨਾਂ ਦੀ ਖੁਦਕੁਸ਼ੀ ਕਰ ਲੈਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਖਨਲਾਲ ਸੇਨ (48), ਰਾਨੂ ਸੇਨ (42) ਅਤੇ ਉਨ੍ਹਾਂ ਦੀ ਧੀ ਪਾਇਲ (14) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਦੀਆਂ ਲਾਸ਼ਾਂ ਟਿੱਕਰਾਪਾੜਾ ਥਾਣਾ ਖੇਤਰ ਅਧੀਨ ਬੀਐਸਯੂਪੀ ਕਲੋਨੀ ਵਿੱਚ ਉਨ੍ਹਾਂ ਦੇ ਘਰ ਦੇ ਇੱਕ ਕਮਰੇ ਵਿੱਚ ਪੱਖੇ ਨਾਲ ਲਟਕਦੀਆਂ ਮਿਲੀਆਂ ਹਨ। ਪੁਲਿਸ ਅਨੁਸਾਰ ਗੁਆਂਢੀਆਂ ਨੇ ਉਨ੍ਹਾਂ ਦੇ ਘਰ ਤੋਂ ਬਦਬੂ ਆਉਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਜਦੋਂ ਘਰ ਦਾ ਦਰਵਾਜਾ ਤੋੜ ਕੇ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਦੋ-ਤਿੰਨ ਦਿਨ ਪਹਿਲਾਂ ਫਾਹਾ ਲੈ ਲਿਆ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮਾਮਲੇ ਦੀ ਸਹੀ ਜਾਣਕਾਰੀ ਪੋਸਟਮਾਰਟਮ ਦੀ ਰੀਪੋਰਟ ਅਤੇ ਜਾਂਚ ਤੋਂ ਬਾਅਦ ਹੀ ਮਿਲੇਗੀ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਲਖਨ ਲਾਲ ਸੇਨ ਇਕ ਸਟੀਲ ਵਪਾਰੀ ਕੋਲ ਡਰਾਈਵਰ ਵਜੋਂ ਕੰਮ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।