ਨਵੀਂ ਦਿੱਲੀ, 03 ਫਰਵਰੀ : ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧੀ ਦੇ ਮਾਮਲੇ ਵਿੱਚ 22 ਦੇਸ਼ਾਂ ਦੇ ਦਿੱਗਜ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਤਾਜ਼ਾ ਸਰਵੇਖਣ ਵਿੱਚ ਪੀਐਮ ਮੋਦੀ ਨੂੰ 78 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ। ਪੀਐਮ ਮੋਦੀ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰਾਡੋਰ ਦੂਜੇ ਨੰਬਰ 'ਤੇ ਹਨ। ਉਹਨਾਂ ਨੂੰ 68 ਫੀਸਦੀ ਰੇਟਿੰਗ ਮਿਲੀ ਹੈ। ਇਸ ਸੂਚੀ ਵਿੱਚ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਤੀਜੇ ਸਥਾਨ 'ਤੇ ਹਨ। ਉਹਨਾਂ ਨੂੰ 62 ਫੀਸਦੀ ਰੇਟਿੰਗ ਮਿਲੀ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਸਤੰਬਰ 2021 ਤੋਂ ਬਾਅਦ ਪੀਐੱਮ ਮੋਦੀ ਦੀ ਲੋਕਪ੍ਰਿਅਤਾ ਲਗਾਤਾਰ ਵਧ ਰਹੀ ਹੈ। ਅਮਰੀਕਾ ਸਥਿਤ ਗਲੋਬਲ ਸਰਵੇਖਣ ਕੰਪਨੀ 'ਮੌਰਨਿੰਗ ਕੰਸਲਟ' ਮੁਤਾਬਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 58 ਫੀਸਦੀ ਰੇਟਿੰਗ ਨਾਲ ਚੌਥੇ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ 50 ਫੀਸਦੀ ਰੇਟਿੰਗ ਨਾਲ ਪੰਜਵੇਂ ਸਥਾਨ 'ਤੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਨਾਂ ਚੋਟੀ ਦੇ 5 ਨੇਤਾਵਾਂ ਦੀ ਸੂਚੀ 'ਚ ਨਹੀਂ ਹੈ। ਬਿਡੇਨ ਨੂੰ ਸਿਰਫ 40 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਮਿਲੀ ਹੈ। ਬਿਡੇਨ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿਚ 7ਵੇਂ ਨੰਬਰ 'ਤੇ ਹਨ।