ਕਰਨਾਟਕ, 08 ਮਈ : ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ 4 ਫੀਸਦੀ ਮੁਸਲਿਮ ਰਿਜ਼ਰਵੇਸ਼ਨ ਸਾਡੀ ਪਾਰਟੀ ਨੇ ਹੀ ਖਤਮ ਕੀਤਾ ਹੈ। ਲੋਕ ਸੱਚ ਕਹਿ ਰਹੇ ਹਨ ਕਿਉਂਕਿ ਉਹ ਗੈਰ-ਸੰਵਿਧਾਨਕ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਸੰਵਿਧਾਨ ਵਿਚ ਧਰਮ ਦੇ ਆਧਾਰ ‘ਤੇ ਰਿਜ਼ਰਵੇਸ਼ਨ ਦੀ ਕੋਈ ਵਿਵਸਥਾ ਨਹੀਂ ਹੈ, ਜਿਸ ਨੂੰ ਅਸੀਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਅਸੀਂ ਸਹੀ ਕੀਤਾ ਹੈ। ਇਹ ਠੀਕ ਹੈ ਕਿ ਇਹ ਥੋੜ੍ਹਾ ਲੇਟ ਹੋ ਗਿਆ ਪਰ ਸਾਡਾ ਜੋ ਫੈਸਲਾ ਹੈ ਇਹ ਸੰਵਿਧਾਨ ਸਹਿਮਤ ਹੈ। ਰਿਜ਼ਰਵੇਸ਼ਨ ਦੇ ਅੰਦਰ ਰਿਜ਼ਰਵੇਸ਼ਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਅਸੀਂ ਬਹੁਤ ਸੋਚ ਸਮਝ ਕੇ ਕੀਤਾ ਸੀ। ਇਕ ਮਧੂ ਸਵਾਮੀ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਬਹੁਤ ਸਾਰੇ ਡਾਟੇ ਦਾ ਮੁਲਾਂਕਣ ਕਰਕੇ, ਆਬਾਦੀ ਦੀ ਗਿਣਤੀ ਨੂੰ ਕਾਊਂਟ ਕਰਕੇ, ਉਨ੍ਹਾਂ ਦੀ ਲੀਡਰਸ਼ਿਪ ਨੂੰ ਗਿਣ ਕੇ ਇਕ ਬੈਲੇਂਸ ਅਪਰੋਚ ਦੇ ਨਾਲ ਸਰਕਾਰ ਨੂੰ ਸੁਝਾਅ ਦਿੱਤਾ ਸੀ। ਉਸ ਦੇ ਬਾਅਦ ਸਰਕਾਰ ਨੇ ਸਟੇਕ ਹੋਲਡਰਸ ਨਾਲ ਚਰਚਾ ਕੀਤੀ, ਚੁਣੇ ਹੋਏ ਵਿਧਾਇਕਾਂ ਨਾਲ ਵੀ ਚਰਚਾ ਕੀਤੀ ਤੇ ਸੋਸ਼ਲ ਲੀਡਰਸ ਨਾਲ ਵੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕਰਕੇ ਅਨੁਸੂਚਿਤ ਜਾਤੀ ਦਾ ਜੋ ਰਾਖਵਾਂਕਰਨ ਹੈ, ਉਸ ਅੰਦਰ ਕੁਝ ਸੀਮਾ ਤੈਅ ਕੀਤੀ ਗਈ ਹੈ। ਰਿਜ਼ਰਵੇਸ਼ਨ ਦੇ ਅੰਦਰ ਰਿਜ਼ਰਵੇਸ਼ਨ ਕਾਂਗਰਸ ਹਟਾਉਣਾ ਚਾਹੁੰਦੀ ਹੈ। ਮੈਂ ਅੱਜ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਐੱਸਸੀ ਵਿਚ ਰਿਜ਼ਰਵੇਸ਼ਨ ਵਿਚ ਜੋ ਰਿਜ਼ਰਵੇਸ਼ਨ ਹੈ ਉਹ ਨਹੀਂ ਹਟੇਗਾ। ਜੋ ਅਸੀਂ ਤੈਅ ਕੀਤਾ ਹੈ ਉਹ ਉਂਝ ਹੀ ਰਹੇਗਾ ਇਸ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਕਾਂਗਰਸ ਵੱਲੋਂ ਰਿਜ਼ਰਵੇਸ਼ਨ ਨੂੰ ਵਧਾ ਕੇ 75 ਫੀਸਦੀ ਤਕ ਲਿਜਾਣ ਦੇ ਵਾਅਦੇ ਨਾਲ ਜੁੜੇ ਸਵਾਲ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਬੋਲਣ ਲਈ ਕੁਝ ਵੀ ਕਿਹਾ ਜਾ ਸਕਦਾ ਹੈ। ਜੇਕਰ ਮੁਸਲਿਮ ਰਿਜ਼ਰਵੇਸ਼ਨ 4 ਫੀਸਦੀ ਤੋਂ ਵਧਾ ਕੇ 6 ਫੀਸਦੀ ਕਰਨਾ ਚਾਹੁੰਦੇ ਹੋ ਤਾਂ ਕਾਂਗਰਸ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਕਿਸ ਭਾਈਚਾਰੇ ਦਾ ਰਿਜ਼ਰਵੇਸ਼ਨ ਘੱਟ ਕਰਨਗੇ।