ਸੋਨਿਤਪੁਰ, 21 ਜਨਵਰੀ : ਕਾਂਗਰਸ ਵਲੋਂ ਮਣੀਪੁਰ ਤੋਂ ਮੁੰਬਈ ਤਕ ਭਾਰਤ ਜੋੜੋ ਨਿਆਂ ਯਾਤਰਾ ਦੇ ਅੱਠਵੇਂ ਦਿਨ ਰਾਹੁਲ ਅਸਾਮ ਦੇ ਸੋਨਿਤਪੁਰ ਇਲਾਕੇ ਪਹੁੰਚੇ। ਇਕ ਥਾਂ 'ਤੇ ਲੋਕਾਂ ਨੂੰ ਮਿਲਣ ਲਈ ਬੱਸ ਤੋਂ ਉਤਰੇ ਰਾਹੁਲ ਗਾਂਧੀ ਨੂੰ ਕੁੱਝ ਸਕਿੰਟਾਂ 'ਚ ਹੀ ਬੱਸ 'ਚ ਵਾਪਸ ਬਿਠਾ ਦਿਤਾ ਗਿਆ। ਦਰਅਸਲ, ਰਾਹੁਲ ਗਾਂਧੀ ਜਿਸ ਬੱਸ 'ਚ ਸਫਰ ਕਰ ਰਹੇ ਹਨ, ਉਸ ਦੇ ਆਲੇ-ਦੁਆਲੇ ਕੁੱਝ ਲੋਕਾਂ ਨੂੰ ਭਾਜਪਾ ਦੇ ਝੰਡੇ ਲੈ ਕੇ ਜਾਂਦੇ ਦੇਖ ਕੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦੀ ਕਾਰ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਆਈਆਂ ਸਨ। ਰਾਹੁਲ ਗਾਂਧੀ ਨੇ ਵੀਡੀਉ ਸਾਂਝੀ ਕਰਦਿਆਂ ਲਿਖਿਆ, “ਸੱਭ ਦੇ ਲਈ ਖੁੱਲ੍ਹੀ ਹੈ, ਮੁਹੱਬਤ ਦੀ ਦੁਕਾਨ। ਜੁੜੇਗਾ ਭਾਰਤ, ਜਿੱਤੇਗਾ ਹਿੰਦੁਸਤਾਨ”। ਮਾਹੌਲ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਤੁਰੰਤ ਬੱਸ ਦੇ ਅੰਦਰ ਜਾਣ ਲਈ ਕਿਹਾ। ਸਮਾਚਾਰ ਏਜੰਸੀ ਦੀ ਵੀਡੀਉ ਵਿਚ ਵੇਖਿਆ ਜਾ ਸਕਦਾ ਹੈ ਕਿ ਰਾਹੁਲ ਬੱਸ ਤੋਂ ਉਤਰਦੇ ਹਨ। ਆਲੇ-ਦੁਆਲੇ ਦਰਜਨਾਂ ਲੋਕ ਹਨ। ਰਾਹੁਲ ਦੇ ਨੇੜੇ ਹਥਿਆਰਬੰਦ ਸੁਰੱਖਿਆ ਕਰਮਚਾਰੀ ਵੀ ਵੇਖੇ ਗਏ। ਇਸ ਦੌਰਾਨ ਕੁੱਝ ਹੀ ਸਕਿੰਟਾਂ 'ਚ ਰਾਹੁਲ ਗਾਂਧੀ ਨੂੰ ਵਾਪਸ ਬੱਸ 'ਚ ਭੇਜ ਦਿਤਾ ਗਿਆ। ਰਾਹੁਲ ਗਾਂਧੀ ਨੇ ਘਟਨਾ ਬਾਰੇ ਕਿਹਾ- ਅੱਜ ਕੁੱਝ ਭਾਜਪਾ ਵਰਕਰ ਝੰਡੇ ਲੈ ਕੇ ਸਾਡੀ ਬੱਸ ਦੇ ਸਾਹਮਣੇ ਆਏ। ਮੈਂ ਬੱਸ ਤੋਂ ਬਾਹਰ ਆਇਆ, ਉਹ ਭੱਜ ਗਏ। ਜਿੰਨੇ ਪੋਸਟਰ ਫਾੜਨੇ ਹਨ, ਫਾੜ ਦਿਓ। ਸਾਨੂੰ ਪਰਵਾਹ ਨਹੀਂ, ਇਹ ਸਾਡੀ ਵਿਚਾਰਧਾਰਾ ਦੀ ਲੜਾਈ ਹੈ, ਅਸੀਂ ਕਿਸੇ ਤੋਂ ਨਹੀਂ ਡਰਦੇ। ਨਾ ਤਾਂ ਨਰਿੰਦਰ ਮੋਦੀ ਤੋਂ ਅਤੇ ਨਾ ਹੀ ਅਸਾਮ ਦੇ ਮੁੱਖ ਮੰਤਰੀ ਤੋਂ। ਕਾਂਗਰਸ ਪਾਰਟੀ ਨੇ ਨਿਆਂ ਯਾਤਰਾ ਦੇ ਕਾਫਲੇ 'ਤੇ 48 ਘੰਟਿਆਂ ਵਿਚ ਦੂਜੀ ਵਾਰ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਅੱਜ ਜਦੋਂ ਸਾਡਾ ਕਾਫਲਾ ਅਸਾਮ 'ਚ ਰੈਲੀ ਵਾਲੀ ਥਾਂ ਵੱਲ ਜਾ ਰਿਹਾ ਸੀ। ਫਿਰ ਜੁਮਗੁਰੀਹਾਟ 'ਚ ਹਿਮੰਤ ਬਿਸਵਾ ਸਰਮਾ ਦੇ ਗੁੰਡਿਆਂ ਨੇ ਜਨਰਲ ਸਕੱਤਰ ਜੈਰਾਮ ਰਮੇਸ਼ ਦੀ ਕਾਰ 'ਤੇ ਪਾਣੀ ਸੁੱਟਿਆ ਅਤੇ ਸਟਿੱਕਰ ਪਾੜ ਦਿਤਾ। ਕਾਂਗਰਸ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਲਿਖਿਆ, "ਭਾਜਪਾ ਦੇ ਲੋਕਾਂ ਨੇ ਕੈਮਰਾਮੈਨ ਅਤੇ ਸਾਡੀ ਸੋਸ਼ਲ ਮੀਡੀਆ ਟੀਮ ਦੇ ਹੋਰ ਮੈਂਬਰਾਂ 'ਤੇ ਹਮਲਾ ਕੀਤਾ, ਜਿਨ੍ਹਾਂ ਵਿਚ 2 ਔਰਤਾਂ ਵੀ ਸ਼ਾਮਲ ਹਨ। ਹਿਮੰਤਾ ਬਿਸਵਾ, ਇਹ ਹਰਕਤਾਂ ਬੰਦ ਕਰੋ। ਤੁਸੀਂ ਅਤੇ ਤੁਹਾਡੇ ਗੁੰਡੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਨੂੰ ਨਹੀਂ ਰੋਕ ਸਕਦੇ। ਇਸ ਤੋਂ ਪਹਿਲਾਂ 19 ਜਨਵਰੀ ਦੀ ਰਾਤ ਨੂੰ ਕਾਂਗਰਸ ਨੇ ਭਾਜਪਾ 'ਤੇ ਨਿਆਂ ਯਾਤਰਾ ਦੇ ਕਾਫਲੇ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਕਾਂਗਰਸ ਨੇ ਇਕ ਵੀਡੀਉ ਵੀ ਜਾਰੀ ਕੀਤਾ ਸੀ, ਜਿਸ 'ਚ ਕੁੱਝ ਵਾਹਨਾਂ ਦੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਕੁੱਝ ਲੋਕਾਂ ਨੂੰ ਪਾਰਟੀ ਦੇ ਹੋਰਡਿੰਗਜ਼-ਬੈਨਰ ਉਖਾੜਦੇ ਦੇਖਿਆ ਗਿਆ।