ਨਵੀਂ ਦਿੱਲੀ, 09 ਫ਼ਰਵਰੀ : ਅਡਾਨੀ ਸਮੂਹ ਨਾਲ ਜੁੜੇ ਮਾਮਲੇ 'ਤੇ ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ 'ਤੇ ਜਿੰਨਾ ਚਿੱਕੜ ਉਛਾਲਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਰਾਜ ਸਭਾ 'ਚ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ। "ਕਮਲ" ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ। ਪ੍ਰਧਾਨ ਮੰਤਰੀ ਨੇ ਜਿਵੇਂ ਹੀ ਜਵਾਬ ਦੇਣਾ ਸ਼ੁਰੂ ਕੀਤਾ, ਕਾਂਗਰਸ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਆਮ ਆਦਮੀ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰ ਚੇਅਰ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੈਂਬਰਾਂ ਦੀ ਨਾਅਰੇਬਾਜ਼ੀ ਵਿਚਾਲੇ ਮੋਦੀ ਨੇ ਕਿਹਾ, ''ਇਹ ਮੰਦਭਾਗਾ ਹੈ ਕਿ ਅਜਿਹੇ ਮਹੱਤਵਪੂਰਨ ਸਦਨ 'ਚ ਕੁਝ ਲੋਕਾਂ ਦਾ ਵਰਤਾਅ, ਕੁਝ ਲੋਕਾਂ ਦੇ ਬੋਲ ਸਦਨ ਨੂੰ ਹੀ ਨਹੀਂ ਸਗੋਂ ਦੇਸ਼ ਨੂੰ ਵੀ ਨਿਰਾਸ਼ ਕਰਨ ਵਾਲੇ ਰਹੇ ਹਨ”। ਉਹਨਾਂ ਕਿਹਾ, “ਮੈਂ ਅਜਿਹੇ ਮੈਂਬਰਾਂ ਨੂੰ ਇਹੀ ਕਹਾਂਗਾ… ‘ਚਿੱਕੜ ਉਸ ਦੇ ਕੋਲ ਸੀ, ਮੇਰੇ ਕੋਲ ਗੁਲਾਲ। ਜੋ ਵੀ ਜਿਸ ਦੇ ਕੋਲ ਸੀ, ਉਸ ਨੇ ਦਿੱਤਾ ਉਛਾਲ । ਚੰਗਾ ਹੈ, ਜਿੰਨਾ ਚਿੱਕੜ ਸੁੱਟੋਗੇ, ਉੱਨਾ ਹੀ ਕਮਲ ਖਿੜੇਗਾ”। ਪ੍ਰਧਾਨ ਮੰਤਰੀ ਨੇ ਕਰੀਬ ਇਕ ਘੰਟਾ 25 ਮਿੰਟ ਦੇ ਆਪਣੇ ਭਾਸ਼ਣ ਦੌਰਾਨ ਜਿੱਥੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਕੀਤਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਹੀ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ 'ਤੇ ਵੀ ਨਿਸ਼ਾਨਾ ਸਾਧਿਆ। ਆਪਣੇ ਭਾਸ਼ਣ ਦੌਰਾਨ ਵਿਰੋਧੀ ਪਾਰਟੀਆਂ ਦੇ ਨਾਅਰੇਬਾਜ਼ੀ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਕ ਘੰਟੇ ਤੋਂ ਵੱਧ ਸਮੇਂ ਤੋਂ ਇਕੱਲੇ ਬੋਲ ਰਹੇ ਹਨ ਅਤੇ ਵਿਰੋਧੀ ਧਿਰਾਂ ਨੂੰ ਨਾਅਰੇ ਲਗਾਉਣ ਲਈ ਇਕ ਦੂਜੇ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਹਨਾਂ ਕਿਹਾ, ''ਇਕੱਲਾ ਹੀ ਕਈਆਂ 'ਤੇ ਭਾਰੀ ਪੈ ਰਿਹਾ ਹੈ... ਮੈਂ ਇਕ ਘੰਟੇ ਤੋਂ ਆਪਣੀ ਆਵਾਜ਼ ਨੂੰ ਬੰਦ ਨਹੀਂ ਕਰ ਸਕਿਆ ਕਿਉਂਕਿ ਮੈਂ ਦੇਸ਼ ਲਈ ਜੀਉਂਦਾ ਹਾਂ... ਦੇਸ਼ ਲਈ ਕੁਝ ਕਰਨ ਲਈ ਨਿਕਲਿਆ ਹਾਂ”। ਵਿਰੋਧੀ ਧਿਰ ਦੇ ਮੈਂਬਰਾਂ ’ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਸਿਆਸੀ ਖੇਡਾਂ ਖੇਡਣ ਵਾਲੇ ਲੋਕਾਂ ਵਿਚ ਇਹ ਹਿੰਮਤ ਨਹੀਂ ਹੈ। ਉਹ ਭੱਜਣ ਦਾ ਰਾਹ ਲੱਭ ਰਹੇ ਹਨ। ਕਾਂਗਰਸ 'ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਜ਼ਾਦ ਭਾਰਤ ਲਈ ਦੇਖੇ ਗਏ ਸੁਪਨਿਆਂ ਨੂੰ ਪੂਰਾ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਯੋਜਨਾਵਾਂ ਦਾ 100 ਫੀਸਦੀ ਲਾਭ ਦੇਣ ਦੇ ਟੀਚੇ ਵੱਲ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਵਿਕਾਸ ਦਾ ਅਜਿਹਾ ਮਾਡਲ ਦਿੱਤਾ ਹੈ, ਜਿਸ ਵਿਚ ਸਾਰੇ ਹਿੱਸੇਦਾਰਾਂ ਨੂੰ ਉਹਨਾਂ ਦਾ 100 ਫੀਸਦੀ ਬਣਦਾ ਹੱਕ ਮਿਲਦਾ ਹੈ। ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਇਸ ਲਈ ਦੇਸ਼ ਸਾਡੇ ਨਾਲ ਹੈ ਅਤੇ ਕਾਂਗਰਸ ਨੂੰ ਵਾਰ-ਵਾਰ ਨਕਾਰਿਆ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਕਾਂਗਰਸ ਅਤੇ ਉਸ ਦੇ ਸਹਿਯੋਗੀ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆਉਂਦੇ। ਜਨਤਾ ਦੇਖ ਰਹੀ ਹੈ ਅਤੇ ਸਜ਼ਾ ਵੀ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਸੁਰਜੀਤ ਕਰਨ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਚੇਤਾਵਨੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਉਹ 2014 'ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਦੇਖਿਆ ਕਿ 60 ਸਾਲਾਂ 'ਚ 'ਕਾਂਗਰਸ ਪਰਿਵਾਰ' ਨੇ ਟੋਏ ਪੁੱਟ ਦਿੱਤੇ ਸਨ। ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੀ ਪੀੜ੍ਹੀ ਦਾ ਕੋਈ ਵਿਅਕਤੀ ਨਹਿਰੂ ਉਪਨਾਮ ਰੱਖਣ ਤੋਂ ਕਿਉਂ ਡਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਅੱਜ ਵਿਰੋਧੀ ਧਿਰ ਵਿਚ ਬੈਠੇ ਹਨ, ਉਹਨਾਂ ਨੇ ਸੂਬਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਹੈ। ਉਹਨਾਂ ਕਿਹਾ, 'ਇਤਿਹਾਸ 'ਤੇ ਨਜ਼ਰ ਮਾਰੋ, ਕਿਹੜੀ ਪਾਰਟੀ ਸੱਤਾ 'ਚ ਸੀ, ਜਿਸ ਨੇ ਧਾਰਾ 356 ਦੀ ਸਭ ਤੋਂ ਵੱਧ ਦੁਰਵਰਤੋਂ ਕੀਤੀ। 90 ਵਾਰ ਚੁਣੀਆਂ ਗਈਆਂ ਸਰਕਾਰਾਂ ਨੂੰ ਡੇਗਿਆ’। ਇਸ ਤੋਂ ਬਾਅਦ ਪ੍ਰਧਾਨ ਦੇ ਭਾਸ਼ਣ 'ਤੇ ਧੰਨਵਾਦ ਦਾ ਪ੍ਰਗਟਾਵਾ ਕਰਦੇ ਹੋਏ ਧੰਨਵਾਦ ਦੇ ਮਤੇ ਨੂੰ ਆਵਾਜ਼ੀ ਵੋਟ ਨਾਲ ਮਨਜ਼ੂਰੀ ਦਿੱਤੀ ਗਈ।