ਮੁੰਬਈ : ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸਿਰੀ ਰਜਿੰਦਰ ਗੁਪਤਾ ਨੂੰ ਭਾਰਤੀ ਕਪਾਹ ਸੰਘ (ਕਾਟਨ ਐਸੋਸੀਏਸ਼ਨ ਆਫ਼ ਇੰਡੀਆ) ਵੱਲੋਂ ਲਾਈਫ਼ਟਾਈਮ ਅਚੀਵਮੈਂਟ ਐਵਾਰਡ(ਤਾਉਮਰ ਪ੍ਰਾਪਤੀ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਕਪਾਹ ਸੰਘ ਦੇ ਸ਼ਤਾਬਦੀ ਸਾਲ ਦੇ ਸਮਾਰੋਹ ਮੌਕੇ ਜੀਓ ਸੈਂਟਰ ਮੁੰਬਈ ਵਿਖੇ ਹੋਏ ਸਮਾਰੋਹ ਮੌਕੇ ਪ੍ਰਦਾਨ ਕੀਤਾ ਗਿਆ। ਸ੍ਰੀ ਗੁਪਤਾ ਨੂੰ ਭਾਰਤੀ ਟੈਕਸਟਾਈਲ ਉਦਯੋਗ ਨੂੰ ਕੌਮੀ ਹਿੱਤਾਂ ਵਿੱਚ ਮਜ਼ਬੂਤ ਕਰਨ ਲਈ ਪਾਏ ਵਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੀਆਂ ਸਾਨਦਾਰ ਪ੍ਰਾਪਤੀਆਂ ਲਈ ਐਵਾਰਡ ਦਿੱਤਾ ਗਿਆ। ਰਜਿੰਦਰ ਗੁਪਤਾ ਨੂੰ ਇਹ ਪੁਰਸਕਾਰ ਕੇਂਦਰੀ ਕੱਪੜਾ, ਵਣਜ, ਅਤੇ ਉਦਯੋਗ ਤੇ ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਪਿਊਸ਼ ਗੋਇਲ ਦੇ ਨੁਮਾਇੰਦੇ ਵਜੋਂ ਸਮਾਰੋਹ ਵਿੱਚ ਸ਼ਾਮਿਲ ਹੋਏ ਟੈਕਸਟਾਈਲ ਕਮਿਸ਼ਨਰ ਸ੍ਰੀਮਤੀ ਰੂਪ ਰਾਸ਼ੀ ਅਤੇ ਕਾਟਨ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰੀ ਅਤੁਲ ਗਨਾਤਰਾ ਵੱਲੋਂ ਪ੍ਰਦਾਨ ਕੀਤਾ ਗਿਆ। ਰਜਿੰਦਰ ਗੁਪਤਾ ਇਸ ਸਮੇਂ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ, ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ(ਫਿੱਕੀ) ਦੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਸਲਾਹਕਾਰ ਕੌਂਸਲ ਦੇ ਚੇਅਰਮੈਨ ਵੀ ਹਨ। ਉਹ ਪੰਜਾਬ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਹਨ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਰੈਂਕ ਦਾ ਦਰਜਾ ਦਿੱਤਾ ਹੋਇਆ ਹੈ। ਉਹ ਕਲੀਵਲੈਂਡ ਕਲੀਨਿਕ ਇੰਟਰਨੈਸ਼ਨਲ ਲੀਡਰਸ਼ਿਪ ਬੋਰਡ ਵਿੱਚ ਵੀ ਸੇਵਾਵਾਂ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਟਰਾਈਡੈਂਟ ਲਿਮਟਿਡ ਟਰਾਈਡੈਂਟ ਗਰੁੱਪ ਦੀ ਫਲੈਗਸ਼ਿਪ ਕੰਪਨੀ ਹੈ। ਇਸ ਦਾ 3 ਬਿਲੀਅਨ ਦਾ ਕਾਰੋਬਾਰ ਹੈ। ਯਾਰਨ, ਬਾਥ ਅਤੇ ਬੈੱਡ ਲਿਨਨ ਬਣਾਉਣ ਵਾਲੇ ਇਸ ਗਰੁੱਪ ਦਾ ਲੁਧਿਆਣਾ ਵਿਖੇ ਮੁੱਖ ਦਫ਼ਤਰ ਹੈ। ਕੰਪਨੀ ਪਰਾਲੀ ਨਾਲ ਕਾਗਜ਼ ਵੀ ਤਿਆਰ ਕਰਦੀ ਹੈ। ਟਰਾਈਡੈਂਟ ਦੇ ਤੌਲੀਏ, ਧਾਗੇ, ਬਿਸਤਰੇ ਦੀਆਂ ਚਾਦਰਾਂ ਅਤੇ ਕਾਗਜ਼ ਦੇ ਕਾਰੋਬਾਰ ਨੇ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਭਾਰਤ ਅਤੇ ਦੁਨੀਆ ਭਰ ਵਿੱਚ ਇਸ ਦੇ ਲੱਖਾਂ ਗਾਹਕ ਹਨ। ਕੰਪਨੀ ਦੀਆਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਇਕਾਈਆਂ ਹਨ।