ਨਵੀਂ ਦਿੱਲੀ, 13 ਜੂਨ 2024 : ਜੰਮੂ-ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਈ ਅੱਤਵਾਦੀ ਹਮਲੇ ਹੋਏ ਹਨ। ਅੱਤਵਾਦੀਆਂ ਨੇ ਪਿਛਲੇ ਚਾਰ ਦਿਨਾਂ 'ਚ ਰਿਆਸੀ, ਕਠੂਆ ਅਤੇ ਡੋਡਾ ਜ਼ਿਲਿਆਂ 'ਚ ਚਾਰ ਥਾਵਾਂ 'ਤੇ ਹਮਲੇ ਕੀਤੇ ਹਨ, ਜਿਸ 'ਚ 9 ਸ਼ਰਧਾਲੂਆਂ ਤੇ ਇੱਕ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਹੈ। ਇਨ੍ਹਾਂ ਹਮਲਿਆਂ ਵਿੱਚ ਸੱਤ ਸੁਰੱਖਿਆ ਮੁਲਾਜ਼ਮ ਤੇ ਕਈ ਹੋਰ ਜ਼ਖ਼ਮੀ ਵੀ ਹੋਏ ਹਨ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (N.S.A) ਅਜੀਤ ਡੋਭਾਲ ਅਤੇ ਹੋਰ ਅਧਿਕਾਰੀਆਂ ਨਾਲ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪੀਐਮ ਮੋਦੀ ਨੂੰ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦੇ ਨਾਲ-ਨਾਲ ਅੱਤਵਾਦ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪੀਐਮ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਵਿੱਚ ਪੂਰੀ ਤਾਕਤ ਝੋਕਣ ਦੀ ਗੱਲ ਕਹੀ ਹੈ। ਪੀਐਮ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਤੇ ਇਨ੍ਹਾਂ ਖੇਤਰਾਂ ਵਿੱਚ ਸੁਰੱਖਿਆ ਬਲਾਂ ਦੀ ਹੋਰ ਤਾਇਨਾਤੀ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਐਲਜੀ ਮਨੋਜ ਸਿਨਹਾ ਨਾਲ ਵੀ ਗੱਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ। 9 ਜੂਨ ਨੂੰ ਅੱਤਵਾਦੀਆਂ ਨੇ ਰਿਆਸੀ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬੱਸ ਸੜਕ ਤੋਂ ਉਲਟ ਗਈ ਅਤੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ ਤੇ 41 ਜ਼ਖਮੀ ਹੋ ਗਏ। ਦੋ ਦਿਨ ਬਾਅਦ ਅੱਤਵਾਦੀਆਂ ਨੇ ਡੋਡਾ ਵਿੱਚ ਇੱਕ ਸੁਰੱਖਿਆ ਚੌਕੀ 'ਤੇ ਹਮਲਾ ਕੀਤਾ, ਜਿਸ ਵਿੱਚ 6 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਉਸੇ ਰਾਤ, ਕਠੂਆ ਜ਼ਿਲ੍ਹੇ ਵਿੱਚ ਇੱਕ ਹੋਰ ਮੁਕਾਬਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦਾ ਇੱਕ ਸਿਪਾਹੀ ਤੇ ਇੱਕ ਅੱਤਵਾਦੀ ਮਾਰਿਆ ਗਿਆ। ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਰਿਆਸੀ 'ਚ ਹੋਏ ਹਮਲੇ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਹੱਥ ਹੋ ਸਕਦਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਇਸ ਹਮਲੇ ਦੀ ਜਾਂਚ ਲਈ 11 ਟੀਮਾਂ ਬਣਾਈਆਂ ਹਨ।