ਨਵੀਂ ਦਿੱਲੀ, 05 ਸਤੰਬਰ : ਅੱਜ ਅਧਿਆਪਕ ਦਿਵਸ ਹੈ ਤੇ ਇਸ ਦਿਨ ਨੂੰ ਸਾਬਕਾ ਰਾਸ਼ਟਰਪਤੀ ਐੱਸ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਵੀ ਆਪਣਾ ਅਧਿਆਪਕ ਮੰਨਦਾ ਹੈ, ਜੋ ਆਪਣੇ ਵਿਹਾਰ, ਝੂਠ ਤੇ ਸ਼ਬਦਾਂ ਰਾਹੀਂ ਉਸ ਨੂੰ ਸਿਖਾਉਂਦੇ ਹਨ ਕਿ ਉਹ ਜਿਸ ਰਾਹ 'ਤੇ ਚੱਲ ਰਹੇ ਹਨ, ਉਹ ਬਿਲਕੁਲ ਸਹੀ ਹੈ। ਅਧਿਆਪਕ ਦਿਵਸ ਦੇ ਮੌਕੇ 'ਤੇ ਰਾਹੁਲ ਗਾਂਧੀ ਨੇ ਹਿੰਦੀ 'ਚ ਫੇਸਬੁੱਕ ਪੋਸਟ ਕਰਦਿਆਂ ਲਿਖਿਆ, 'ਮੈਂ ਮਹਾਤਮਾ ਗਾਂਧੀ, ਗੌਤਮ ਬੁੱਧ, ਸ਼੍ਰੀ ਨਰਾਇਣ ਗੁਰੂ ਵਰਗੇ ਮਹਾਪੁਰਸ਼ਾ ਨੂੰ ਆਪਣੇ ਗੁਰੂ ਮੰਨਦਾ ਹਾਂ, ਜਿਨ੍ਹਾਂ ਨੇ ਸਾਨੂੰ ਸਮਾਜ ਦੇ ਸਾਰੇ ਲੋਕਾਂ ਪ੍ਰਤੀ ਬਰਾਬਰੀ ਤੇ ਸਾਰਿਆਂ ਪ੍ਰਤੀ ਦਯਾ ਤੇ ਪਿਆਰ ਦਿਖਾਉਣ ਦਾ ਉਪਦੇਸ਼ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਧਿਆਪਕ ਦਿਵਸ 'ਤੇ ਸਾਰੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਦਾ ਜੀਵਨ ਵਿਚ ਬਹੁਤ ਉੱਚਾ ਸਥਾਨ ਹੁੰਦਾ ਹੈ ਕਿਉਂਕਿ ਅਧਿਆਪਕ ਤੁਹਾਨੂੰ ਜੀਵਨ ਮਾਰਗ ਨਦੀ ਸਹੀ ਦਿਸ਼ਾ ਵੱਲ ਤੋਰਨ ਦੀ ਪ੍ਰੇਰਨਾ ਦਿੰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਲੋਕ ਵੀ ਅਧਿਆਪਕਾਂ ਵਰਗੇ ਹਨ, ਜੋ ਅਨੇਕਤਾ ਵਿਚ ਏਕਤਾ ਦੀ ਮਿਸਾਲ ਦਿੰਦੇ ਹਨ। ਸਾਨੂੰ ਹਰ ਸਮੱਸਿਆ ਨਾਲ ਹਿੰਮਤ ਨਾਲ ਲੜਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ, 'ਮੈਂ ਆਪਣੇ ਵਿਰੋਧੀਆਂ ਨੂੰ ਆਪਣਾ ਗੁਰੂ ਮੰਨਦਾ ਹਾਂ, ਜੋ ਆਪਣੇ ਚਾਲ-ਚਲਣ, ਝੂਠ ਅਤੇ ਬੋਲਾਂ ਰਾਹੀਂ ਮੈਨੂੰ ਇਹ ਸਿਖਾਉਂਦੇ ਹਨ ਕਿ ਮੈਂ ਜਿਸ ਰਾਹ 'ਤੇ ਚੱਲ ਰਿਹਾ ਹਾਂ, ਉਹ ਬਿਲਕੁਲ ਸਹੀ ਹੈ ਅਤੇ ਮੈਂ ਇਸ 'ਤੇ ਹਰ ਕੀਮਤ 'ਤੇ ਅੱਗੇ ਵਧਦੇ ਰਹਿਣਾ ਹੈ।'