ਬਰਨਾਵਾ : ਦੀਵਾਲੀ ਤਾਂ ਹਰ ਕੋਈ ਮਨਾਉਂਦਾ ਹੈ ਪਰ ਅਸੀਂ ਦੇਖਿਆ ਹੈ ਕਿ ਰਾਮ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਣ ਵਾਲਿਆਂ ਦੀ ਘਾਟ ਹੈ, ਇਹ ਸ਼ਬਦਾਂ ਦਾ ਪ੍ਰਗਟਾਵਾ 40 ਦਿਨਾਂ ਦੀ ਪੈਰੋਲ ’ਤੇ ਆਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕੀਤਾ, ਉਨ੍ਹਾਂ ਕਿਹਾ ਕਿ ਸਭ ਦੇ ਅੰਦਰ ਰਾਵਣ ਜਾਗਿਆ ਹੋਇਆ ਹੈ। ਦੀਵਾਲੀ 'ਚ ਦੀਵੇ ਜਗਾਏ ਜਾਂਦੇ ਹਨ ਤੇ ਇਹ ਸਭ ਨੂੰ ਪਤਾ ਹੈ ਕਿ ਜਿਸ ਦਿਨ ਰਾਮ ਜੀ ਅਯੁੱਧਿਆ ਵਾਪਸ ਆਏ ਸਨ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਦਿਨ, ਘਰ-ਘਰ ਦੀਵੇ ਜਗਾਏ ਗਏ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਇਨ੍ਹਾਂ ਦਿਨਾਂ 'ਚ ਜੂਆ ਖੇਡਦੇ, ਪੀਂਦੇ, ਮਾੜੇ ਕੰਮ ਕਰਦੇ ਹਨ ਤੇ ਮਨੁੱਖ ਇਹ ਦੱਸਦਾ ਹੈ ਕਿ ਅਸੀਂ ਤਿਉਹਾਰ ਦਾ ਆਨੰਦ ਮਾਣ ਰਹੇ ਹਾਂ। ਰਾਮ ਰਹੀਮ ਬਰਨਾਵਾ ਸਥਿਤ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਸੀ। ਰਾਮ ਰਹੀਮ ਨੇ ਕਿਹਾ ਕਿ ਅੱਜ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਇੰਨੀਆਂ ਫੈਕਟਰੀਆਂ ਹਨ, ਇੰਨੀਆਂ ਗੱਡੀਆਂ ਚੱਲਦੀਆਂ ਹਨ, ਯਾਨੀ ਅੱਗੇ ਤੋਂ ਕਈ ਗੁਣਾ ਜ਼ਿਆਦਾ ਇਹ ਸਭ ਕੁਝ ਹੋ ਚੁੱਕਾ ਹੈ ਤਾਂ ਨੈਚੁਰਲੀ ਜਦੋਂ ਤੁਸੀਂ ਪਟਾਕੇ ਚਲਾਓਗੇ ਤਾਂ ਥੋੜ੍ਹਾ ਪ੍ਰਦੂਸ਼ਣ ਤਾਂ ਵਧਦਾ ਹੀ ਹੈ। ਪਰ ਸਾਨੂੰ ਅੱਜ ਤਕ ਇਹ ਸਮਝ ਕਦੀਂ ਨਹੀਂ ਆਈ ਕਿ ਜਦੋਂ ਪਟਾਕੇ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ। ਪਰ ਜਿਨ੍ਹਾਂ ਫੈਕਟਰੀਆਂ ਦਾ ਧੂੰਆਂ ਦਿਨ-ਰਾਤ ਪ੍ਰਦੂਸ਼ਣ ਫੈਲਾਉਂਦਾ ਹੈ, ਉਨ੍ਹਾਂ ਨੂੰ ਫਿਲਟਰ ਕਰਨ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਰਾਮ ਰਹੀਮ ਨੇ ਕਿਹਾ ਕਿ ਹੋਲੀ ਤੇ ਦੀਵਾਲੀ 'ਤੇ ਹੀ ਲੋਕ ਪ੍ਰਦੂਸ਼ਣ ਦੀ ਯਾਦ ਆਉਂਦੀ ਹੈ। ਰਾਮ ਰਹੀਮ ਨੇ ਕਿਹਾ ਕਿ ਉਹ ਤਾਂ ਇਸ ਹੱਕ ਵਿਚ ਵੀ ਨਹੀਂ ਕਿ ਤੁਸੀਂ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਓ, ਪਰ ਅਸੀਂ ਵੀ ਇਸ ਹੱਕ ਵਿਚ ਵੀ ਨਹੀਂ ਹਾਂ ਕਿ ਇਨ੍ਹਾਂ ਤਿਉਹਾਰਾਂ 'ਚ ਖੁਸ਼ੀ ਨਾ ਮਨਾਈਏ। ਡੇਰਾ ਮੁਖੀ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਕਈ ਚਿੱਠੀਆਂ 'ਚ ਲਿਖਿਆ ਹੈ ਕਿ ਗੁਰੂ ਅਸੀਂ ਸੀ, ਅਸੀਂ ਹਾਂ ਤੇ ਰਹਾਂਗੇ। ਇਹ ਸੌ ਫ਼ੀਸਦ, ਲੱਖ ਫ਼ੀਸਦ ਸਹੀ ਹੈ। ਪਤਾ ਨਹੀਂ ਕੁਝ ਦਿਨਾਂ ਬਾਅਦ ਕੀ ਖਾਜ ਉੱਠਦੀ ਹੈ, ਫਿਰ ਸ਼ੁਰੂ ਹੋ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਸਾਨੂੰ ਸੂਤਰਾਂ ਤੋਂ ਪਤਾ ਚੱਲਦਾ ਹੈ। ਸਾਨੂੰ ਅੱਜ ਤਕ ਇਹ ਸੂਤਰ ਨਹੀਂ ਪਤਾ ਚੱਲੇ ਕਿ ਕਿੱਥੇ ਰਹਿੰਦਾ ਹੈ ਇਹ ਸੂਤਰ ਨਾਂ ਦਾ ਪ੍ਰਾਣੀ। ਰਾਮ ਰਹੀਮ ਨੇ ਕਿਹਾ ਕਿ ਹਨੀਪ੍ਰੀਤ ਉਸ ਦੀ ਧਰਮ ਦੀ ਧੀ ਹੈ।