- ਆਂਗਣਵਾੜੀ ਪ੍ਰਧਾਨ ਨੂੰ ਮੁਅੱਤਲ ਕਰਨ ਦਾ ਵੀ ਕੀਤਾ ਜ਼ਿਕਰ
ਨਵੀਂ ਦਿੱਲੀ, 29 ਜੁਲਾਈ : ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਸੰਸਦ ਵਿੱਚ ਆਂਗਣਵਾੜੀਆਂ ਦਾ ਮਸਲਾ ਉਠਾਇਆ ਗਿਆ। ਹਰਸਿਮਰਤ ਕੌਰ ਬਾਦਲ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਦਿੱਤਾ ਜਾ ਰਹੇ ਫੂਡ ਅਤੇ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ ਮੁਅੱਤਲ ਕਰਨ ਦਾ ਮਸਲਾ ਵੀ ਚੁੱਕਿਆ ਗਿਆ। ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਬੋਲਦੇ ਹੋਏ ਕਿਹਾ ਕਿ ਵੇਰਕਾ ਤੇ ਮਾਰਕਫੈੱਡ ਦੀ ਥਾਂ ਆਪਣੇ ਚਹੇਤੇ ਨਿੱਜੀ ਅਦਾਰਿਆਂ ਨੂੰ ਸਪਲਾਈ ਦਾ ਕੰਮ ਸੌਂਪਿਆ ਗਿਆ। ਮਾਸੂਮ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਜਿੰਦਗੀ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। 28 ਲੱਖ ਅਜਿਹੀਆਂ ਆਂਗਣਵਾੜੀ ਵਰਕਰਾਂ ਹਨ ਜੋ ਸਿਰਫ 4500 ਰੁਪਏ ਮਹੀਨੇ ਕਮਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੈਲਪਰਾਂ ਨੂੰ 2200 ਰੁਪਏ ਮਹੀਨੇ ਮਿਲਦਾ ਹੈ ਜੋ ਕਿ ਘੱਟ ਤਨਖਾਹ ਤੋਂ ਬਹੁਤ ਹੀ ਜਿਆਦਾ ਘੱਟ ਹੈ। ਪੰਜਾਬ ਸਰਕਾਰ ਇਨ੍ਹਾਂ ਨੂੰ ਪੱਕੇ ਕਰਨ ਦੀ ਥਾਂ ’ਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ ਸੀ ਮੁਅੱਤਲ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰੇਆਮ ਲੋਕਾਂ ਨੂੰ ਜਹਿਰ ਦਿੱਤਾ ਜਾ ਰਿਹਾ ਹੈ। ਜਿਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਘਪਲੇ ਕਰ ਰਹੀ ਹੈ ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਨਾ ਦਿੱਤਾ ਜਾਵੇ। ਕਾਬਿਲੇਗੌਰ ਹੈ ਕਿ ਪੰਜਾਬ ’ਚ ਪਿਛਲੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਕਾਫੀ ਸਮੇਂ ਤੋਂ ਲਟਕੀਆਂ ਪਈਆਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ।